ਦਲਬੀਰ ਸੱਖੋਵਾਲੀਆ/ਰਾਜਿੰਦਰ ਸਿੰਘ
ਡੇਰਾ ਬਾਬਾ ਨਾਨਕ, 30 ਨਵੰਬਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਡੇਰਾ ਬਾਬਾ ਨਾਨਕ ਵਿੱਚ ਗੁਰੂ ਨਾਨਕ ਦੇਵ ਦੇ 550 ਸਾਲਾ ਸਮਾਗਮਾਂ ਦੇ ਸੰਪੂਰਨਤਾ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਿਸਾਨਾਂ ਅਤੇ ਆੜ੍ਹਤੀਆਂ ਦਾ ਸੌ ਸਾਲਾ ਰਿਸ਼ਤਾ ਨਾ ਤੋੜ ਕੇ ਦੇਸ਼ ਦੇ ਕਿਸਾਨਾਂ ਦਾ ਜੀਵਨ ਪੱਧਰ ਉੁੱਚਾ ਚੁੱਕਣ ਲਈ ਠੋਸ ਨੀਤੀਆਂ ਬਣਾਏ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਯਤਨਸ਼ੀਲ ਹੈ, ਇਸੇ ਕਾਰਨ ਅੱਜ ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਡੇਰੇ ਲਾਏ ਹਨ। ਮੁੱਖ ਮੰਤਰੀ ਨੇ ਕਿਸਾਨਾਂ ’ਤੇ ਕੀਤੇ ਗਏ ਤਸ਼ੱਦਦ ’ਤੇ ਫ਼ਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਜੇ ਕਿਸਾਨਾਂ ਨੂੰ ਐੱਮਐੱਸਪੀ ਨਾ ਦਿੱਤੀ ਗਈ ਤਾਂ ਕਿਸਾਨ ਆਰਥਿਕ ਤੌਰ ’ਤੇ ਤਬਾਹ ਹੋ ਜਾਣਗੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੀ ਸਲਾਮਤੀ ਅਤੇ ਤਰੱਕੀ ਲਈ ਸਭ ਵਰਗਾਂ ਵਿੱਚ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਗੁਰੂ ਨਾਨਕ ਦੇਵ ਦੇ ‘ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ’ ਦੇ ਸਿਧਾਂਤ ਦੀ ਗੱਲ ਕਰਦਿਆਂ ਆਖਿਆ ਕਿ ਅੱਜ ਦੇਸ਼ ਹੀ ਨਹੀਂ ਸਗੋਂ ਵਿਸ਼ਵ ਭਰ ਵਿੱਚ ਸਿੱਖ ਗੁਰੂ ਸਾਹਿਬ ਦੇ ਇਸ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ, ਜਿਸ ਨਾਲ ਸਮੁੱਚੇ ਵਿਸ਼ਵ ਵਿੱਚ ਸਿੱਖਾਂ ਨੂੰ ਸਨਮਾਨ ਮਿਲ ਰਿਹਾ ਹੈ।
ਇਸ ਮੌਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਦੌਰਾਨ ਕਿਸਾਨਾਂ ਦੀ ਤੁਲਨਾ ਭਾਈ ਲਾਲੋ ਤੇ ਕਾਰਪੋਰੇਟ ਘਰਾਣਿਆਂ ਦੀ ਤੁਲਨਾ ਮਲਿਕ ਭਾਗੋ ਨਾਲ ਕਰਦਿਆਂ ਕਿਹਾ ਕਿ ਦੇਸ਼ ਦਾ ਅੰਨਦਾਤਾ ਅੱਜ ਦਿੱਲੀ ਦੀਆ ਸੜਕਾਂ ’ਤੇ ਰੁਲ ਰਿਹਾ ਹੈ। ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੌਰਾਨ ਗੁਰੂ ਜੀ ਦੇ ਚਰਨ ਛੋਹ ਪ੍ਰਾਪਤ ਨਗਰਾਂ ਦੀ ਨੁਹਾਰ ਬਦਲਣ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਸ ਹਲਕੇ ਵਿੱਚ ਕਈ ਇਤਿਹਾਸਕ ਪ੍ਰਾਜੈਕਟ ਸ਼ੁਰੂ ਹੋਏ ਹਨ। ਉਨ੍ਹਾਂ ਲੰਘੇ ਸਾਲ ਕਰਤਾਰਪੁਰ ਲਾਂਘੇ ਦੌਰਾਨ ਸੂਬਾ ਸਰਕਾਰ ਦੇ ਵਿਸ਼ੇਸ਼ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਫਤਹਿਜੰਗ ਸਿੰਘ ਬਾਜਵਾ, ਬਰਜਿੰਦਰ ਸਿੰਘ ਪਾਹੜਾ ਸਮੇਤ ਹੋਰ ਵਿਧਾਇਕ ਵੀ ਹਾਜ਼ਰ ਸਨ।
ਵਿਰਾਸਤੀ ਮਾਰਗ ਸਮੇਤ ਹੋਰ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਹਾਜ਼ਰੀ ਵਿੱਚ ਵਿਰਾਸਤੀ ਮਾਰਗ (3 ਕਰੋੜ ਰੁਪਏ), 100 ਏਕੜ ਵਿਚ ਬਣਨ ਵਾਲੀ ਗੁਰੂ ਨਾਨਕ ਦੇਵ ਗੰਨਾ ਖੋਜ ਅਤੇ ਵਿਕਾਸ ਸੰਸਥਾ ਕਲਾਨੌਰ, ਬਾਬਾ ਬੰਦਾ ਸਿੰਘ ਬਹਾਦਰ ਅਜਾਇਬ ਘਰ ਅਤੇ ਘੰਟਾ ਘਰ (80 ਲੱਖ ਰੁਪਏ) ਦਾ ਨੀਂਹ ਪੱਥਰ ਵੀ ਰੱਖਿਆ।