ਚਰਨਜੀਤ ਭੁੱਲਰ
ਚੰਡੀਗੜ੍ਹ, 10 ਫਰਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਆਗੂਆਂ ਦੇ ਰਾਹ ਰੋਕਣ ਦੀ ਥਾਂ ਭਾਜਪਾ ਨੂੰ ਨਗਰ ਕੌਂਸਲ ਚੋਣਾਂ ਵਿੱਚ ਸਿਆਸੀ ਝਟਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਆਗੂਆਂ ਦੇ ਰਾਹ ਰੋਕੇ ਗਏ ਤਾਂ ਭਾਜਪਾ ਨੂੰ ਇਸ ਦੀ ਆੜ ’ਚ ਪੰਜਾਬ ਨੂੰ ਬਦਨਾਮ ਕਰਨ ਦਾ ਮੌਕਾ ਮਿਲ ਜਾਵੇਗਾ। ਲੋਕ ਰਾਜ ’ਚ ਹਰ ਕਿਸੇ ਨੂੰ ਗੱਲ ਕਹਿਣ ਦਾ ਅਧਿਕਾਰ ਹੈ।
ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਭਾਜਪਾ ਨੂੰ ਸੱਤਾ ਦਾ ਹੰਕਾਰ ਹੈ ਜਿਸ ਨੂੰ ਤੋੜਨ ਲਈ ਭਾਜਪਾ ਨੂੰ ਰਾਜਸੀ ਹਲੂਣਾ ਹੀ ਦੇਣਾ ਪਵੇਗਾ। ਇਹ ਇੱਕ ਲੰਮੀ ਲੜਾਈ ਹੈ, ਜਿਸ ’ਚ ਭਾਜਪਾ ਨੂੰ ਸਿਆਸੀ ਹਾਰ ਦਿੱਤੀ ਜਾਵੇ।’ ਉਨ੍ਹਾਂ ਕਿਹਾ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਦਾ ਵਜੂਦ ਖ਼ਤਰੇ ਵਿੱਚ ਪਾ ਦਿੱਤਾ ਹੈ ਪਰ ਭਾਜਪਾ ਆਗੂ ਹਾਲੇ ਵੀ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਭਲੇ ਵਾਲੇ ਕਾਨੂੰਨ ਹੀ ਦੱਸ ਰਹੇ ਹਨ ਅਤੇ ਇਸੇ ਕਰ ਕੇ ਭਾਜਪਾ ਆਗੂਆਂ ਨੂੰ ਤੁਰਨਾ ਮੁਸ਼ਕਲ ਹੋ ਗਿਆ ਹੈ।
ਸੁਨੀਲ ਜਾਖੜ ਨੇ ‘ਆਪ’ ਨੂੰ ਵੀ ਭਾਜਪਾ ਦੀ ਬੀ ਟੀਮ ਦੱਸਦਿਆਂ ਕਿਹਾ ਕਿ ‘ਆਪ’ ਕੂੜ ਪ੍ਰਚਾਰ ਵਿੱਚ ਰੁਝੀ ਹੋਈ ਹੈ ਅਤੇ ਹੁਣ ਖ਼ੁਦ ਆਖ ਰਹੀ ਹੈ ਕਿ ਗੱਠਜੋੜ ਸਰਕਾਰ ਸਮੇਂ ਕਾਂਗਰਸ ਦੀ ਮਿਲੀਭੁਗਤ ਨਾਲ ਪੰਜਾਬ ਕੰਟਰੈਕਟ ਫਾਰਮਿੰਗ ਐਕਟ 2013 ਪਾਸ ਹੋਇਆ ਸੀ। ਜਾਖੜ ਨੇ ਕਿਹਾ ਕਿ ਜਦੋਂ ਇਹ ਐਕਟ ਪਾਸ ਹੋਇਆ ਸੀ, ਉਦੋਂ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੂੰ ਸਦਨ ’ਚੋਂ ਬਰਖਾਸਤ ਕੀਤਾ ਹੋਇਆ ਸੀ। ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਪੰਜਾਬ ਸਰਕਾਰ ਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਵਿੱਚ ਬਿੱਲ ਵੀ ਲਿਆਂਦਾ ਹੈ।
ਖੇਤੀ ਕਾਨੂੰਨਾਂ ’ਤੇ ਅਸ਼ਵਨੀ ਸ਼ਰਮਾ ਨੂੰ ਬਹਿਸ ਦੀ ਚੁਣੌਤੀ
ਸ੍ਰੀ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਚੁਣੌਤੀ ਦਿੱਤੀ ਕਿ ‘ਉਹ (ਅਸ਼ਵਨੀ ਸ਼ਰਮਾ) ਖੇਤੀ ਕਾਨੂੰਨਾਂ ਦੇ ਮਾਮਲੇ ਵਿੱਚ ਪੰਜਾਬ ਖੇਤੀ ’ਵਰਸਿਟੀ ਕੈਂਪਸ ਵਿਚ ਖੁੱਲ੍ਹੀ ਬਹਿਸ ਕਰ ਲੈਣ। ਜੇਕਰ ਉਨ੍ਹਾਂ ਨੂੰ ਕੁਝ ਪਤਾ ਨਹੀਂ ਤਾਂ ਬਹਿਸ ਲਈ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੂੰ ਸੱਦ ਲੈਣ। ਪੰਜਾਬ ਕਾਂਗਰਸ ਰਸਮੀ ਸੱਦਾ ਪੱਤਰ ਵੀ ਤੋਮਰ ਨੂੰ ਭੇਜ ਦੇਵੇਗੀ।’ ਉਨ੍ਹਾਂ ਨੇ ਬਿਨਾਂ ਤੱਥਾਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਨਾਂਅ ਬਦਨਾਮ ਕਰਨ ਵਾਲੇ ‘ਆਪ’ ਆਗੂ ਰਾਘਵ ਚੱਢਾ ਨੂੰ ਮੁਆਫ਼ੀ ਮੰਗਣ ਲਈ ਵੀ ਆਖਿਆ।