ਨਿੱਜੀ ਪੱਤਰ ਪ੍ਰੇਰਕ
ਜਲੰਧਰ, 16 ਜੂਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕਿਹਾ ਕਿ ਆਏ ਦਿਨ ਹਸਪਤਾਲਾਂ ਵਿੱਚ ਭੰਨ-ਤੋੜ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਮੈਡੀਕਲ ਖੇਤਰ ਵਿੱਚ ਆਉਣ ਵਾਲੇ ਨੌਜਵਾਨ ਡਰਨ ਲੱਗ ਪਏ ਹਨ। ਆਈਐੱਮਏ ਦੇ ਕੌਮੀ ਉਪ ਪ੍ਰਧਾਨ ਡਾ. ਨਵਜੋਤ ਸਿੰਘ ਦਾਹੀਆ, ਡਾ. ਅਮਰਜੀਤ ਸਿੰਘ ਤੇ ਡਾ. ਐੱਸਪੀਐੱਸ ਗਰੋਵਰ ਨੇ ਕਿਹਾ ਕਿ ਹਸਪਤਾਲਾਂ ਪ੍ਰਤੀ ਕੀਤੇ ਜਾ ਰਹੇ ਇਸ ਦੁਰਵਿਹਾਰ ਵਿਰੁੱਧ 18 ਜੂਨ ਨੂੰ ਕਾਲੇ ਬਿੱਲੇ ਲਾ ਕੇ ਵਿਰੋਧ ਪ੍ਰਗਟਾਉਣਗੇ। ਉਨ੍ਹਾਂ ਕਿਹਾ ਕਿ ਕਿਹਾ ਕਿ ਇਲਾਜ ਦੌਰਾਨ ਮਰੀਜ਼ ਦੀ ਮੌਤ ਹੋ ਜਾਣ ’ਤੇ ਪਰਿਵਾਰ ਵਾਲੇ ਹਸਪਤਾਲ ਵਿੱਚ ਜਿਥੇ ਸਟਾਫ ਨਾਲ ਖਹਬਿੜਦੇ ਹਨ, ਉਥੇ ਹਸਪਤਾਲਾਂ ਵਿੱਚ ਭੰਨ-ਤੋੜ ਵੀ ਕਰਦੇ ਹਨ, ਜਿਸ ਨਾਲ ਡਾਕਟਰਾਂ ਦਾ ਅਕਸ ਖਰਾਬ ਹੁੰਦਾ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਾਲਾਤ ਅਜਿਹੇ ਹੀ ਰਹੇ ਤਾਂ ਉਹ ਮਰੀਜ਼ਾਂ ਨੂੰ ਦਾਖਲ ਕਰਨਾ ਬੰਦ ਕਰ ਦੇਣਗੇ।