ਖੇਤਰੀ ਪ੍ਰਤੀਨਿਧ
ਪਟਿਆਲਾ 3 ਦਸੰਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਪਿੜ ’ਚ ਨਿੱਤਰੇ ਕਿਸਾਨਾਂ ਦੀ ਹਮਾਇਤ ’ਚ ਸੂਬੇ ਦੇ ਡਾਕਟਰ ਵੀ ਸਿੱਧੇ ਅਤੇ ਅਸਿੱਧੇ ਰੂਪ ’ਚ ਯੋਗਦਾਨ ਪਾਉਣ ਲਈ ਲਾਮਬੰਦ ਹੋ ਰਹੇ ਹਨ। ਇਸ ਕਾਰਜ ਲਈ ਪਟਿਆਲਾ ਦੇ ਐਲੋਪੈਥਿਕ ਡਾਕਟਰਾਂ ਨੇ ਡਾਕਟਰਜ਼ ਫਾਰ ਫਾਰਮਰਜ਼ ਨਾਮ ਦਾ ਗਰੁੱਪ ਬਣਾਇਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਅਤੇ ਫੌਰੈਂਸਿਕ ਮਾਹਰ ਡਾ. ਡੀਐੱਸ ਭੁੱਲਰ ਨੂੰ ਇਸ ਗਰੁੱਪ ਦਾ ਆਰਜ਼ੀ ਕਨਵੀਨਰ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਸੰਘਰਸ਼ ਵਿੱਚ ਭਾਗ ਲੈ ਰਹੇ ਕਿਸੇ ਵੀ ਕਿਸਾਨ ਨੂੰ ਕਿਸੇ ਕਾਰਨ ਡਾਕਟਰੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਪੀੜਤ ਕਿਸਾਨ ਦੇ ਸਾਰੇ ਇਲਾਜ ਦਾ ਖਰਚਾ ਡਾਕਟਰਾਂ ਦੇ ਨਵ-ਗਠਿਤ ਗਰੁੱਪ ਵੱਲੋਂ ਉਠਾਇਆ ਜਾਵੇਗਾ। ਡੀਐੱਫਐੱਫ ਵੱਲੋਂ 5 ਦਸੰਬਰ ਨੂੰ ਕਿਸਾਨਾਂ ਦੇ ਹੱਕ ਵਿੱਚ ‘ਬਲੈਕ ਮਾਸਕ ਦਿਵਸ’ ਮਨਾਇਆ ਜਾਵੇਗਾ।