ਕੁਲਦੀਪ ਸਿੰਘ
ਚੰਡੀਗੜ੍ਹ, 16 ਜੁਲਾਈ
ਪੰਜਾਬ ਵਿੱਚ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ’ਤੇ ਐੱਨਪੀਏ ਦੀ ਮੰਗ ਸਬੰਧੀ ਤਿੰਨ ਦਿਨਾਂ ਲਈ ਸਰਕਾਰੀ ਹਸਪਤਾਲਾਂ ਵਿੱਚ ਓਪੀਡੀਜ਼ ਦਾ ਬਾਈਕਾਟ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਡਾਕਟਰਾਂ ਨੇ ਜਿੱਥੇ ਸਰਕਾਰੀ ਓਪੀਡੀਜ਼ ਦੇ ਬਰਾਬਰ ਵੱਖਰੀਆਂ ਪ੍ਰਾਈਵੇਟ ਓਪੀਡੀਜ਼ ਚਲਾ ਕੇ ਆਪਣੇ ਖਰਚ ’ਤੇ ਮਰੀਜ਼ਾਂ ਦਾ ਇਲਾਜ ਕੀਤਾ ਉਥੇ ਹੀ ਵੱਖ-ਵੱਖ ਥਾਵਾਂ ’ਤੇ ਡਾਕਟਰਾਂ ਵੱਲੋਂ ਖੂਨਦਾਨ ਕਰਕੇ ਵੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ। ਵੈਟਰਨਰੀ ਹਸਪਤਾਲਾਂ ਦੇ ਡਾਕਟਰਾਂ ਨੇ ਵੀ ਪਸ਼ੂਆਂ ਦੀਆਂ ਸਰਜਰੀਆਂ ਵੀ ਮੁਫ਼ਤ ਕੀਤੀਆਂ।
ਕੋਆਰਡੀਨੇਸ਼ਨ ਕਮੇਟੀ ਵੱਲੋਂ ਡਾ. ਗਗਨਦੀਪ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ, ਡਾ. ਗਗਨਦੀਪ ਸਿੰਘ ਸ਼ੇਰਗਿੱਲ, ਡਾ. ਪਵਨ ਪ੍ਰੀਤ ਕੌਰ, ਡਾ. ਗਗਨਦੀਪ ਸਿੰਘ ਸ਼ੇਰਗਿੱਲ, ਡਾ. ਸੰਜੀਵ ਪਾਠਕ, ਡਾ. ਬਲਵਿੰਦਰ ਸਿੰਘ, ਡਾ. ਦੀਪਇੰਦਰ ਸਿੰਘ, ਡਾ. ਇੰਦਰਵੀਰ ਸਿੰਘ ਗਿੱਲ ਅਤੇ ਡਾ. ਮਨੋਹਰ ਸਿੰਘ ਨੇ ਦੱਸਿਆ ਕਿ ਅੱਜ ਲੁਧਿਆਣਾ ਸਥਿਤ ਬੱਚਤ ਭਵਨ ਵਿੱਚ ਸਰਕਾਰੀ ਸਕੀਮਾਂ ਬਾਰੇ ਚੱਲ ਰਹੀ ਸਮੀਖਿਆ ਮੀਟਿੰਗ ਦਾ ਐੱਸਐੱਮਓਜ਼ ਵੱਲੋਂ ਬਾਈਕਾਟ ਵੀ ਕੀਤਾ ਗਿਆ। ਮੀਟਿੰਗ ਦਾ ਬਾਈਕਾਟ ਕਰਕੇ ਬਾਹਰ ਆਏ ਇਨ੍ਹਾਂ ਸੀਨੀਅਰ ਡਾਕਟਰਾਂ ਨੇ ਮੀਟਿੰਗ ਵਿੱਚ ਪਹੁੰਚੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਵੀ ਸੌਂਪਿਆ। ਡਾ. ਮਨੋਹਰ ਸਿੰਘ ਅਤੇ ਡਾ. ਸਰਬਦੀਪ ਸਿੰਘ ਨੇ ਅਗਲੇ ਪ੍ਰੋਗਰਾਮ ਬਾਰੇ ਦੱਸਿਆ ਕਿ ਕੋਆਰਡੀਨੇਸ਼ਨ ਕਮੇਟੀ ਵੱਲੋਂ ਪੰਜਾਬ ਵਿੱਚ ਜ਼ੋਨ ਵਾਈਜ਼ ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਸੈਂਕੜੇ ਡਾਕਟਰਾਂ ਵੱਲੋਂ ਖੂਨਦਾਨ ਕਰਕੇ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ 17 ਜੁਲਾਈ ਤੱਕ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ ਡਾਕਟਰਾਂ ਵੱਲੋਂ ਓਪੀਡੀਜ਼ ਦਾ ਬਾਈਕਾਟ ਜਾਰੀ ਰੱਖਿਆ ਜਾਵੇਗਾ।