ਪਾਲ ਸਿੰਘ ਨੌਲੀ
ਜਲੰਧਰ, 25 ਅਪਰੈਲ
ਪੁਲੀਸ ਨੇ ਅੱਧੀ ਰਾਤ ਨੂੰ ਛਾਪਾ ਮਾਰ ਕੇ ਰੈਮਡੇਸਿਵਿਰ ਦੇ ਦੋ ਟੀਕੇ ਬਰਾਮਦ ਕੀਤੇ ਜਿਹੜੇ ਕਿ ਬਲੈਕ ਵਿੱਚ 10 ਹਾਜ਼ਾਰ ਰੁਪਏ ਦੇ ਹਿਸਾਬ ਨਾਲ ਲਾਏ ਜਾ ਰਹੇ ਸਨ। ਇਹ ਟੀਕੇ ਬੈਂਕ ਐਨਕਲੇਵ ਵਿੱਚ ਮਹਿੰਗੇ ਭਾਅ ’ਤੇ ਵੇਚੇ ਜਾ ਰਹੇ ਸਨ। ਸਿਹਤ ਵਿਭਾਗ ਦੀ ਟੀਮ ਨੇ ਪੁਲੀਸ ਦੀ ਮਦਦ ਨਾਲ ਇਸ ਮਾਮਲੇ ਵਿੱਚ ਇੱਕ ਡਾਕਟਰ ਤੇ ਉਸ ਦੇ ਸਹਾਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਫੜੇ ਗਏ ਡਾਕਟਰ ਦੇ ਕਲੀਨਿਕ ’ਤੇ ਛਾਪਾ ਮਾਰਿਆ ਜਿੱਥੋਂ ਦੋ ਭਰੇ ਹੋਏ ਟੀਕੇ ਬਰਾਮਦ ਕੀਤੇ ਗਏ ਤੇ 12 ਖਾਲੀ ਸ਼ੀਸ਼ੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸਿਹਤ ਵਿਭਾਗ ਦੀ ਟੀਮ ਇਸ ਕਰ ਕੇ ਹੈਰਾਨ ਸੀ ਕਿ ਇਹ ਸਿਰਫ਼ ਰਾਜਸਥਾਨ ਵਿੱਚ ਹੀ ਵਿਕਣ ਵਾਲੇ ਰੈਮਡੇਸਿਵਿਰ ਦੇ ਟੀਕੇ ਜਲੰਧਰ ਕਿਵੇਂ ਪਹੁੰਚ ਗਏ ਸਨ।
ਡਰੱਗ ਇੰਸਪੈਕਟਰ ਅਨੁਪਮਾ ਕਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਰਮਨ ਨਾਂ ਦਾ ਵਿਅਕਤੀ ਰੈਮਡੇਸਿਵਿਰ ਟੀਕੇ ਵੇਚ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਟੀਕੇ ਕਰੋਨਾ ਨਾਲ ਗੰਭੀਰ ਹਾਲਤ ਵਿੱਚ ਪਹੁੰਚੇ ਮਰੀਜ਼ਾਂ ਨੂੰ ਲਾਏ ਜਾਂਦੇ ਹਨ। ਪੁਲੀਸ ਨੇ ਰਮਨ ਨੂੰ ਕਾਬੂ ਕਰਨ ਲਈ ਪਹਿਲਾਂ ਤੋਂ ਹੀ ਜਾਲ ਵਿਛਾਇਆ ਹੋਇਆ ਸੀ। ਸੂਹੀਏ ਨੇ ਪਹਿਲਾਂ ਰਮਨ ਨੂੰ ਸੰਘਾ ਚੌਕ ਨੇੜਲੀ ਮਠਿਆਈ ਦੀ ਦੁਕਾਨ ’ਤੇ ਬੁਲਾਇਆ ਜਿੱਥੋਂ ਉਹ ਬੈਂਕ ਐਨਕਲੇਵ ਗਏ ਤੇ 10 ਹਾਜ਼ਾਰ ਵਿੱਚ ਦੋ ਰੈਮਡੇਸਿਵਿਰ ਦੇ ਟੀਕੇ ਖ਼ਰੀਦੇ। ਇਨ੍ਹਾਂ ਸ਼ੀਸ਼ੀਆਂ ’ਤੇ ਲਿਖਿਆ ਹੋਇਆ ਸੀ ਕਿ ਇਹ ਰਾਜਸਥਾਨ ਸਰਕਾਰ ਵੱਲੋਂ ਸਪਲਾਈ ਕੀਤੀ ਗਈ ਹੈ ਤੇ ਇਨ੍ਹਾਂ ਨੂੰ ਵੇਚਿਆ ਨਹੀਂ ਜਾ ਸਕਦਾ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਡਾ. ਗੁਰਪ੍ਰੀਤ ਸਿੰਘ ਵਰਤੇ ਗਏ 12 ਟੀਕਿਆਂ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ।