ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਕਤੂਬਰ
ਕਿਰਤੀ ਕਿਸਾਨ ਯੂਨੀਅਨ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਸਣੇ ਸਮੁੱਚੇ ਸਿਆਸੀ ਕੈਦੀਆਂ ਅਤੇ ਹਵਾਲਾਤੀਆਂ ਦੀ ਰਿਹਾਈ ਲਈ 3 ਨਵੰਬਰ ਨੂੰ ਪੰਜਾਬ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਜਨਰਲ ਸਕੱਤਰ ਸਤਬਿੀਰ ਸਿੰਘ ਸੁਲਤਾਨੀ ਤੇ ਪ੍ਰੈੱਸ ਸਕੱਤਰ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਸਿੱਖ ਨਸਲਕੁਸ਼ੀ ਦੇ ਕਸੂਰਵਾਰਾਂ ਨੂੰ ਸਜ਼ਾਵਾਂ ਦਿਵਾਉਣ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਸਿਆਸੀ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਰੋਸ ਮੁਜ਼ਾਹਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ 1984 ਦੇ ਕਤਲੇਆਮ ਦਾ ਸਿੱਖਾਂ ਨੂੰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ। ਇਸੇ ਲਈ ਜਥੇਬੰਦੀ ਇਨਸਾਫ ਪਸੰਦ ਲੋਕਾਂ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਲੇਖਕਾਂ ਆਦਿ ਨੂੰ 3 ਨਵੰਬਰ ਦੇ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹੈ।
ਦਲ ਖਾਲਸਾ ਵੱਲੋਂ ਸਿੱਖਾਂ ਦੀ ਯਾਦ ਵਿੱਚ ਮਾਰਚ 3 ਨੂੰ
ਅੰਮ੍ਰਿਤਸਰ (ਟਨਸ): 1984 ਵਿੱਚ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਦਲ ਖ਼ਾਲਸਾ ਵੱਲੋਂ 3 ਨਵੰਬਰ ਨੂੰ ਕਪੂਰਥਲਾ ਵਿੱਚ ਮਾਰਚ ਕੀਤਾ ਜਾਵੇਗਾ। ਇੱਥੇ ਇਕ ਪੱਤਰਕਾਰ ਮਿਲਣੀ ਦੌਰਾਨ ਦਲ ਖ਼ਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ 3 ਨਵੰਬਰ ਨੂੰ ਮਾਰਚ ਤੋਂ ਪਹਿਲਾਂ ਸਟੇਟ ਗੁਰਦੁਆਰਾ ਸਾਹਿਬ ਵਿਖੇ ਕਤਲੇਆਮ ਦੇ ਸ਼ਿਕਾਰ ਬੇਦੋਸ਼ੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਉਨ੍ਹਾਂ ਨਮਿੱਤ ਅਰਦਾਸ ਹੋਵੇਗੀ।