ਜੈਸਮੀਨ ਭਾਰਦਵਾਜ
ਨਾਭਾ, 11 ਫਰਵਰੀ
ਇਥੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਚੋਣ ਪ੍ਰਚਾਰ ਦੌਰਾਨ ਪਿੰਡਾਂ ਵਿੱਚ ਕਾਫੀ ਵਿਰੋਧ ਅਤੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਰਾਮਗੜ੍ਹ ਵਿੱਚ ਇੱਕ ਮਹਿਲਾ ਦੇ ਸਵਾਲਾਂ ਤੋਂ ਪ੍ਰੇਸ਼ਾਨ ਹੋ ਕੇ ਧਰਮਸੋਤ ਆਪਣਾ ਭਾਸ਼ਣ ਵਿਚਾਲੇ ਹੀ ਛੱਡ ਕੇ ਚਲੇ ਗਏ ਤੇ ਉਸੇ ਦਿਨ ਪਿੰਡ ਬਨੇਰਾ ਖੁਰਦ ਵਿਖੇ ਇੱਕ ਨੌਜਵਾਨ ਨੇ ਮੰਚ ‘ਤੇ ਚੜ੍ਹ ਕੇ ਪਹਿਲਾਂ ਧਰਮਸੋਤ ਨੂੰ ਪੰਜ ਮਰਲਾ ਪਲਾਟਾਂ ਦੀ ਵੰਡ ਵਿੱਚ ਪਾਰਟੀਬਾਜ਼ੀ ਲਈ ਦੋਸ਼ੀ ਠਹਿਰਾਇਆ ਤੇ ਫਿਰ ਉਸੇ ਮੰਚ ਤੋਂ ਉਨ੍ਹਾਂ ਸਾਹਮਣੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਾਅਰੇ ਵੀ ਮਾਰੇ। ਇਹ ਦੋਵੇਂ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੇ ਹਨ। ਪਿੰਡ ਰਾਮਗੜ੍ਹ ਵਿਚ ਜਦੋਂ ਧਰਮਸੋਤ ਬਿਜਲੀ ਦੇ ਬਿਲ ਮੁਆਫ ਕਰਨ ਅਤੇ ਰੇਟ ਘੱਟ ਕਰਨ ਬਾਰੇ ਬੋਲ ਰਹੇ ਸਨ ਤਾਂ ਇੱਕ ਮਹਿਲਾ ਮੰਚ ’ਤੇ ਚੜ੍ਹ ਗਈ। ਭਾਵੇਂ ਕਿ ਮਹਿਲਾ ਨੂੰ ਮਾਈਕ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਪਰ ਕੁਲਵਿੰਦਰ ਕੌਰ ਨਾਮੀ ਇਸ ਮਹਿਲਾ ਨੇ ਕਿਹਾ ਕਿ ਪਿੰਡ ਵਿੱਚ ਇੱਕ ਕਮਰੇ ਵਾਲੇ ਕੱਚੇ ਮਕਾਨਾਂ ਦਾ ਸਰਦੀ ਦਾ ਬਿਲ ਵੀ ਪੰਜ ਹਜ਼ਾਰ ਆਇਆ ਹੈ ਤੇ ਉਸ ਦਾ ਆਪਣਾ ਬਿਲ 2.20 ਲੱਖ ਭੇਜਿਆ ਗਿਆ, ਜਿਸ ਕਾਰਨ ਕਾਫੀ ਪ੍ਰੇਸ਼ਾਨੀ ਵੀ ਝੱਲਣੀ ਪਈ। ਮਹਿਲਾ ਨੇ ਆਵਾਸ ਯੋਜਨਾ ਤਹਿਤ ਪਹਿਲਾਂ ਤੋਂ ਪੱਕੇ ਮਕਾਨਾਂ ਨੂੰ ਹੀ ਲਾਭ ਦੇਣ ਅਤੇ ਲੋੜਵੰਦਾਂ ਨੂੰ ਛੱਡਣ ਬਾਰੇ ਵੀ ਸਵਾਲ ਕੀਤੇ ਤਾਂ ਪਹਿਲਾਂ ਮਹਿਲਾ ਨੂੰ ਵਿਰੋਧੀ ਪਾਰਟੀ ਦਾ ਦੱਸ ਕੇ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਮਹਿਲਾ ਦੇ ਡਟ ਕੇ ਖੜ੍ਹਨ ’ਤੇ ਧਰਮਸੋਤ ਭਾਸ਼ਣ ਵਿਚਾਲੇ ਹੀ ਛੱਡ ਫਤਿਹ ਬੁਲਾ ਕੇ ਮੰਚ ਤੋਂ ਹੇਠਾਂ ਉਤਰ ਗਏ।