ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਫਰਵਰੀ
ਇਥੋਂ ਦੇ ਇਕ ਐਂਬੂਲੈਂਸ ਡਰਾਈਵਰ ਨੇ ਆਪਣੇ ਦੋ ਬੱਚਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਖੁਦ ਵੀ ਜ਼ਹਿਰ ਨਿਗਲ ਲਿਆ ਜਿਸ ਕਾਰਨ ਬੱਚੀ ਦੀ ਮੌਤ ਹੋ ਗਈ ਹੈ ਅਤੇ ਪਿਓ-ਪੁੱਤ ਦੀ ਹਾਲਤ ਗੰਭੀਰ ਹੈ। ਜਾਣਕਾਰੀ ਅਨੁਸਾਰ ਲਵੀਨ ਕੁਮਾਰ ਨੇ ਅੱਜ ਆਪਣੀ ਇਕ ਵੀਡੀਓ ਵਾਇਰਲ ਕਰਕੇ ਆਪਣੇ ਗੁਆਂਢੀਆਂ ’ਤੇ ਉਸ ਦੀ ਪਤਨੀ ਨੂੰ ਬਲੈਕਮੇਲ ਕਰਨ ਦੇ ਦੋਸ਼ ਲਾਉਂਦਿਆਂ ਬਾਅਦ ਵਿੱਚ ਆਪਣੀ 10 ਸਾਲ ਦੀ ਇਕ ਲੜਕੀ ਅਤੇ 8 ਸਾਲ ਦੇ ਇਕ ਲੜਕੇ ਨੂੰ ਜ਼ਹਿਰ ਦੇ ਕੇ ਖੁਦ ਜ਼ਹਿਰ ਨਿਗਲ ਲਿਆ। ਪੀੜਤਾਂ ਨੂੰ ਮੁਕਤਸਰ ਦੇ ਇਕ ਨਿੱਜੀ ਹਸਪਤਾਲ ’ਚ ਲਿਜਾਣ ਤੱਕ ਲੜਕੀ ਦਮ ਤੋੜ ਚੁੱਕੀ ਸੀ। ਬਾਅਦ ਵਿੱਚ ਦੋਹਾਂ ਪਿਓ-ਪੁੱਤਾਂ ਨੂੰ ਲੁਧਿਆਣਾ ਵਿਚ ਰੈਫਰ ਕਰ ਦਿੱਤਾ ਗਿਆ। ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।