ਕਰਮਜੀਤ ਸਿੰਘ ਚਿੱਲਾ
ਬਨੂੜ, 13 ਸਤੰਬਰ
ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਰੱਸਾਕਸ਼ੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਨੂੜ ਵਿੱਚ ਹੋਏ। ਸਕੂਲ ਪ੍ਰਿੰਸੀਪਲ ਅਨੀਤਾ ਭਾਰਦਵਾਜ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਵਿੱਚ ਮੁਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਉਮਰ ਵਰਗ ਦੀਆਂ 30 ਟੀਮਾਂ ਨੇ ਸ਼ਮੂਲੀਅਤ ਕੀਤੀ। ਛੇ ਵਰਗਾਂ ਦੇ ਮੁਕਾਬਲਿਆਂ ਵਿੱਚੋਂ ਬਨੂੜ ਜ਼ੋਨ ਦੇ ਲੜਕੇ ਤੇ ਲੜਕੀਆਂ ਨੇ ਪੰਜ ਵਿੱਚੋਂ ਪਹਿਲਾ ਤੇ ਇੱਕ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਖੇਡਾਂ ਦੇ ਜ਼ੋਨਲ ਸਕੱਤਰ ਡਾ. ਕੁਲਦੀਪ ਸਿੰਘ ਬਨੂੜ ਨੇ ਦੱਸਿਆ ਕਿ ਲੜਕਿਆਂ ਦੇ ਅੰਡਰ-19 ਵਰਗ ਵਿੱਚ ਬਨੂੜ ਜ਼ੋਨ ਨੇ ਪਹਿਲਾ, ਡੇਰਾਬਸੀ ਨੇ ਦੂਜਾ ਅਤੇ ਲਾਲੜੂ ਨੇ ਤੀਜਾ ਸਥਾਨ ਜਿੱਤਿਆ। ਅੰਡਰ-19 ਸਾਲ ਲੜਕੀਆਂ ਵਿੱਚ ਬਨੂੜ ਜ਼ੋਨ ਪਹਿਲੇ, ਲਾਲੜੂ ਦੂਜੇ ਅਤੇ ਖਰੜ ਤੀਜੇ ਸਥਾਨ ’ਤੇ ਰਿਹਾ।
ਐਸ.ਏ.ਐਸ.ਨਗਰ(ਮੁਹਾਲੀ) (ਖੇਤਰੀ ਪ੍ਰਤੀਨਿਧ): ਇੱਥੋਂ ਦੇ ਸੈਕਟਰ 78 ਦੇ ਬਹੁ-ਮੰਤਵੀ ਖੇਡ ਭਵਨ ਵਿੱਚ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਦੂਜੇ ਦਿਨ ਅੰਡਰ-14 ਅਤੇ 17 ਵਰਗ ਦੇ ਵੱਖ-ਵੱਖ ਖੇਡ ਮੁਕਾਬਲੇ ਕਰਾਏ ਗਏ। ਮੁਹਾਲੀ ਕੋਚਿੰਗ ਸੈਂਟਰ ਦੀ ਐਥਲੀਟ ਜੋਆਏ ਬੈਦਵਾਣ ਨੇ ਅੰਡਰ 14 ਵਰਗ ਵਿੱਚ ਡਿਸਕਸ ਥਰੋਅ ਅਤੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਅਮਲੋਹ (ਪੱਤਰ ਪ੍ਰੇਰਕ): ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਿੱਚ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਸਰਕਾਰੀ ਹਾਈ ਸਕੂਲ ਬੜੈਚਾਂ ਦੇ ਖਿਡਾਰੀਆਂ ਨੇ ਸਕੂਲ ਇੰਚਾਰਜ ਅੱਛਰ ਸਿੰਘ ਦੀ ਅਗਵਾਈ ਹੇਠ ਡੀਪੀਈ ਪ੍ਰਵੀਨ ਕੁਮਾਰ ਦੇ ਯਤਨਾਂ ਸਦਕਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਸਰਕਾਰੀ ਹਾਈ ਸਕੂਲ ਬੜੈਚਾਂ ਦੀ ਅੰਡਰ-14 ਲੜਕੀਆਂ ਦੀ ਕਬੱਡੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਸਟਾਫ਼ ਵੱਲੋਂ ਵਧਾਈ ਦਿੰਦਿਆਂ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।
ਉੱਚੀ ਛਾਲ ਵਿਚ ਸਿਮਰਨ, ਲੰਬੀ ਛਾਲ ’ਚ ਅੰਜਲੀ ਤੇ ਡਿਸਕਸ ਥਰੋਅ ਵਿਚ ਅਮਨਦੀਪ ਅੱਵਲ
ਰੂਪਨਗਰ (ਪੱਤਰ ਪ੍ਰੇਰਕ): ਇੱਥੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਅੰਡਰ-14 ਉਮਰ ਵਰਗ ਦੇ ਮੁਕਾਬਲਿਆਂ ਵਿੱਚ ਅਥਲੀਟ ਸਿਮਰਨ ਅਟਵਾਲ, ਅਮਨਦੀਪ ਕੌਰ ਤੇ ਅੰਜਲੀ ਨੇ ਕ੍ਰਮਵਾਰ ਉੱਚੀ ਛਾਲ, ਡਿਸਕਸ ਥਰੋਅ ਅਤੇ ਲੰਬੀ ਛਾਲ ਵਿੱਚ ਜਿੱਤ ਹਾਸਲ ਕੀਤੀ। ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਿਮਰਨ ਨੇ ਨੂਰਪੁਰ ਬੇਦੀ, ਅਮਨਦੀਪ ਕੌਰ ਨੇ ਪਿੰਡ ਖੱਡ ਰਾਜਗਿਰੀ (ਰੋਪੜ) ਅਤੇ ਅੰਜਲੀ ਨੇ ਸ੍ਰੀ ਅਨੰਦਪੁਰ ਸਾਹਿਬ ਵੱਲੋਂ ਮੁਕਾਬਲਿਆਂ ਵਿੱਚ ਹਿੱਸਿਆ ਲਿਆ ਸੀ।