ਗੁਰਬਖਸ਼ਪੁਰੀ
ਤਰਨ ਤਾਰਨ, 6 ਸਤੰਬਰ
ਜਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਦੇ ਜਥੇਬੰਦਕ ਦਬਾਅ ਅੱਗੇ ਝੁਕਦਿਆਂ ਦਿੱਲੀ ਮੋਰਚਾ ਦੇ ਸ਼ਹੀਦ ਕਿਸਾਨ ਸੁਰਜੀਤ ਸਿੰਘ (32) ਵਾਸੀ ਚੀਮਾ ਖੁਰਦ ਦੇ ਪਰਿਵਾਰ ਨੂੰ ਇਕ ਹਫਤੇ ਦੇ ਅੰਦਰ ਅੰਦਰ ਮੁਆਵਜ਼ਾ ਦੇਣ ਦਾ ਯਕੀਨ ਦਿੱਤਾ ਹੈ| ਇਸ ਸਬੰਧੀ ਐਲਾਨ ਡਿਪਟੀ ਕਮਿਸ਼ਨਰ ਦੀ ਹਦਾਇਤ ’ਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਅੱਜ ਭੁੱਖ ਹੜਤਾਲੀ ਕੈਂਪ ਵਿੱਚ ਸ਼ਾਮਲ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤਾ| ਮੁਆਵਜ਼ਾ ਦੇਣ ਦੇ ਮਾਮਲੇ ਵਿੱਚ ਐੱਸਡੀਐੱਮ ਦੇ ਦਫ਼ਤਰ ਸਾਹਮਣੇ ਜਮਹੂਰੀ ਕਿਸਾਨ ਸਭਾ ਦੇ ਝੰਡੇ ਹੇਠ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਈ ਸੀ| ਅੱਜ ਭੁੱਖ ਹੜਤਾਲ ਵਿੱਚ 11 ਔਰਤਾਂ ਦਾ ਜਥਾ ਬੈਠਾ| ਇਹ ਔਰਤਾਂ ਭੁੱਖ ਹੜਤਾਲ ’ਤੇ ਬੈਠਣ ਲਈ ਰਾਤ ਰਹਿਣ ਲਈ ਘਰਾਂ ਤੋਂ ਲੋੜੀਂਦਾ ਸਾਮਾਨ ਆਦਿ ਲੈ ਕੇ ਆਈਆਂ ਸਨ| ਇਸ ਸਬੰਧੀ ਜਾਰੀ ਕੀਤੇ ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਜ਼ਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦੀ ਅਗਵਾਈ ਵਿੱਚ ਅੱਜ ਆਜ਼ਾਦ ਕਿਸਾਨ ਕਮੇਟੀ ਪੰਜਾਬ, ਕਿਸਾਨ ਸੰਘਰਸ਼ ਕਮੇਟੀ ਪੰਜਾਬ (ਕੋਟ ਬੁੱਢਾ), ਕਿਸਾਨ ਸੰਘਰਸ਼ ਕਮੇਟੀ ਪੰਜਾਬ (ਪਨੂੰ), ਕੁਲ ਹਿੰਦ ਕਿਸਾਨ ਸਭਾ ਪੰਜਾਬ ਨਾਲ ਸਬੰਧਿਤ ਆਗੂ ਪਰਗਟ ਸਿੰਘ ਚੰਬਾ, ਭੁਪਿੰਦਰ ਸਿੰਘ, ਦਵਿੰਦਰ ਸੋਹਲ, ਸਤਬੀਰ ਸਿੰਘ ਆਦਿ ’ਤੇ ਆਧਾਰਤ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਸੀ| ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਇਸ ਮਾਮਲੇ ਸਬੰਧੀ ਸੁਖਾਵਾ ਮਾਹੌਲ ਸਿਰਜਦਿਆਂ ਜਥੇਬੰਦੀਆਂ ਦੇ ਆਗੂਆਂ ਨਾਲ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੂੰ ਕਿਸਾਨਾਂ ਦੇ ਕੈਂਪ ਵਿੱਚ ਜਾ ਕੇ ਯਕੀਨ ਦੇਣ ਦੀ ਹਦਾਇਤ ਕੀਤੀ|
ਅਧਿਕਾਰੀ ਦੇ ਵਿਸ਼ਵਾਸ ਦੇਣ ’ਤੇ ਕਿਸਾਨਾਂ ਨੇ ਲੜੀਵਾਰ ਭੁੱਖ ਹੜਤਾਲ ਸਪਾਮਤ ਕਰਨ ਦਾ ਐਲਾਨ ਕੀਤਾ| ਇਸ ਮਗਰੋਂ ਕਿਸਾਨ ਆਪਣੇ ਘਰਾਂ ਨੂੰ ਪਰਤ ਗਏ| ਅੱਜ ਔਰਤ ਕਿਸਾਨਾਂ ਵੱਲੋਂ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਵਿੱਚ ਸ਼ਾਮਲ ਕਿਸਾਨਾਂ ਨੂੰ ਨਰਿੰਦਰ ਕੌਰ ਪੱਟੀ, ਲਖਵਿੰਦਰ ਕੌਰ ਝਬਾਲ, ਕੰਵਲਜੀਤ ਕੌਰ ਨੂਰਦੀ, ਕਮਲਜੀਤ ਕੌਰ, ਕੁਲਵਿੰਦਰ ਕੌਰ, ਜਸਬੀਰ ਕੌਰ ਨੇ ਸੰਬੋਧਨ ਕੀਤਾ| ਕਿਸਾਨ ਆਗੂ ਦਲਜੀਤ ਸਿੰਘ ਨੇ ਪ੍ਰਸ਼ਾਸਨ ਵੰਲੋਂ ਵਾਅਦਾ-ਖ਼ਿਲਾਫ਼ੀ ਕਰਨ ’ਤੇ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ|