ਪੱਤਰ ਪ੍ਰੇਰਕ
ਬਲਾਚੌਰ, 18 ਸਤੰਬਰ
ਪੰਜਾਬ ਸਰਕਾਰ ਵੱਲੋਂ ਬੇਜ਼ਮੀਨੇ ਕਿਸਾਨਾਂ ਤੇ ਖੇਤ ਕਾਮਿਆਂ ਨੂੰ ਸਹਿਕਾਰੀ ਸਭਾਵਾਂ ਸਬੰਧੀ ਕਰਜ਼ਾ ਰਾਹਤ ਦੇਣ ਦੀ ਸਹੂਲਤ ਤਹਿਤ ਅੱਜ ਹਲਕਾ ਬਲਾਚੌਰ ਦੀਆਂ ਦਿਆਲਾ, ਫਿਰਨੀ ਮਜਾਰਾ ਅਤੇ ਰੱਕੜਾ ਬੇਟ ਸੁਸਾਇਟੀਆਂ ਦੇ 779 ਲਾਭਪਾਤਰੀਆਂ ਨੂੰ ਕਰੀਬ 1.55 ਕਰੋੜ ਰੁਪਏ ਦੇ ਚੈੱਕ ਵੰਡੇ ਗਏ। ਇਨ੍ਹਾਂ ਵਿੱਚ ਦਿਆਲਾ ਸੁਸਾਇਟੀ ਦੇ 262 ਲਾਭਪਾਤਰੀਆਂ ਨੂੰ 46,42,409, ਫਿਰਨੀ ਮਜਾਰਾ ਸੁਸਾਇਟੀ ਦੇ 247 ਲਾਭਪਾਤਰੀਆਂ ਨੂੰ 46,47,120 ਅਤੇ ਰੱਕੜਾ ਬੇਟ ਦੇ 270 ਲਾਭਪਾਤਰੀਆਂ ਨੂੰ 61,79,599 ਰੁਪਏ ਦੇ ਚੈੱਕ ਮਿਲੇ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਮੰਗੂਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰੀਬ 2.85 ਲੱਖ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਰਾਹਤ ਦਿੱਤੀ ਗਈ ਹੈ, ਜਿਸ ਨਾਲ ਇਸ ਵਰਗ ਨੂੰ ਰਾਹਤ ਮਿਲੇਗੀ।
ਸ਼ਾਹਕੋਟ ਵਿੱਚ ਵਿਧਾਇਕ ਲਾਡੀ ਨੇ ਚੈੱਕ ਵੰਡੇ
ਸ਼ਾਹਕੋਟ (ਪੱਤਰ ਪ੍ਰੇਰਕ): ਸਹਿਕਾਰੀ ਬੈਂਕ ਸ਼ਾਹਕੋਟ ਅਧੀਨ ਆਉਂਦੀ ਕੋਆਪਰੇਟਿਵ ਸੁਸਾਇਟੀ ਸ਼ਾਹਕੋਟ, ਸੈਦਪੁਰ ਝਿੜੀ, ਢੰਡੋਵਾਲ, ਭੁੱਲਰ, ਬਾਜਵਾ ਕਲਾਂ ਅਤੇ ਬਾਹਮਣੀਆਂ ਦੇ 910 ਬੇਜ਼ਮੀਨੇ ਖੇਤ ਮਜ਼ਦੂਰ ਲਾਭਪਾਤਰੀਆਂ ਨੂੰ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕਰੀਬ 1.70 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਚੈੱਕ ਤਕਸੀਮ ਕੀਤੇ। ਇਸ ਸਬੰਧੀ ਸਮਾਗਮ ਦਾਣਾ ਮੰਡੀ ਵਿਚ ਕਰਵਾਇਆ ਸੀ।