ਖੇਤਰੀ ਪ੍ਰਤੀਨਿਧ
ਬਰਨਾਲਾ, 19 ਸਤੰਬਰ
ਪਿੰਡ ਸੇਖਾ ਵਿੱਚ ਇੱਕ ਕਿਸਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੀ ਪਛਾਣ ਬਲਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਸੇਖਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਮਿੱਠੂ ਸਿੰਘ ਨੇ ਦੱਸਿਆ ਕੇ ਬਲਵਿੰਦਰ ਕੋਲ ਕਰੀਬ ਡੇਢ ਏਕੜ ਜ਼ਮੀਨ ਸੀ ਤੇ ਉਸ ਦੇ ਸਿਰ ਲਗਪਗ ਸੱਤ ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਸਬੰਧੀ ਪਤਾ ਲੱਗਣ ’ਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਬਲਵਿੰਦਰ ਸਿੰਘ ਦੀ ਮੌਤ ਹੋ ਗਈ। ਥਾਣਾ ਸਦਰ ਵਿੱਚ ਮਿੱਠੂ ਸਿੰਘ ਦੇ ਬਿਆਨਾਂ ਦਰਜ ਕਰਕੇ ਪੋਸਟਮਾਰਟਮ ਮਗਰੋਂ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਮਾਨਸਾ (ਪੱਤਰ ਪ੍ਰੇਰਕ): ਪਿੰਡ ਖਾਰਾ ਦੇ ਕਿਸਾਨ ਅਮਰੀਕ ਸਿੰਘ (36) ਪੁੱਤਰ ਗੁਲਾਬ ਸਿੰਘ ਨੇ ਅੱਜ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਅਮਰੀਕ ਸਿੰਘ ਕੋਲ ਤਿੰਨ ਏਕੜ ਜ਼ਮੀਨ ਸੀ ਤੇ ਉਸ ਦੇ ਸਿਰ ’ਤੇ ਸਰਕਾਰੀ ਬੈਂਕ, ਸੁਸਾਇਟੀ ਅਤੇ ਆੜ੍ਹਤੀਏ ਦਾ 9 ਲੱਖ ਰੁਪਏ ਦਾ ਕਰਜ਼ਾ ਸੀ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂ ਜਗਸੀਰ ਸਿੰਘ ਜਵਾਹਰਕੇ ਤੇ ਭਾਨ ਸਿੰਘ ਬਰਨਾਲਾ ਨੇ ਦੱਸਿਆ ਕਿ ਪਿਛਲੇ ਸਾਲ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਤਬਾਹ ਹੋਣ, ਹਾੜੀ ਦੇ ਸੀਜ਼ਨ ਦੌਰਾਨ ਕਣਕ ਦਾ ਝਾੜ ਘਟਣ ਅਤੇ ਇਸ ਵਾਰ ਮੁੜ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਦੀ ਪਈ ਮਾਰ ਕਾਰਨ ਅਮਰੀਕ ਸਿੰਘ ਨੂੰ ਆਰਥਿਕ ਪੱਖੋਂ ਕਾਫ਼ੀ ਘਾਟਾ ਪਿਆ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।