ਰਮੇਸ਼ ਭਾਰਦਵਾਜ
ਲਹਿਰਾਗਾਗਾ, 17 ਫਰਵਰੀ
ਸਥਾਨਕ ਕੌਂਸਲ ਦੇ ਨਤੀਜਿਆਂ ’ਚ ਕਥਿਤ ਬਦਲਾਅ ਤੋਂ ਖਫ਼ਾ ਲੋਕਾਂ ਨੇ ਬਾਬਾ ਹੀਰਾ ਸਿੰਘ ਭੱਠਲ ਕਾਲਜ ’ਚੋਂ ਈਵੀਐਮ ਮਸ਼ੀਨਾਂ ਲਿਜਾ ਰਿਹਾ ਟਰੱਕ ਘੇਰ ਕੇ ਲਹਿਰਾਗਾਗਾ-ਸੁਨਾਮ ਸੜਕ ’ਤੇ ਜਾਮ ਲਗਾ ਦਿੱਤਾ। ਧਰਨਾਕਾਰੀਆਂ ਨੇ ਰਾਜਿੰਦਰ ਕੌਰ ਭੱਠਲ ਤੇ ਐੱਸਡੀਐੱਮ ਜੀਵਨ ਜੋਤ ਕੌਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਡੀਐੱਸਪੀ ਰਛਪਾਲ ਸਿੰਘ, ਡੀਐੱਸਪੀ ਮੂਨਕ ਰੌਸ਼ਨ ਲਾਲ, ਥਾਣਾ ਸਦਰ ਦੇ ਮੁਖੀ ਇੰਸਪੈਕਟਰ ਵਿਜੈ ਪਾਲ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਕੀਤੀ ਗਈ।
ਦਿਨ ਵੇਲੇ ਸੁਰਿੰਦਰ ਕੌਰ ਤੇ ਸੁਰਿੰਦਰ ਸਿੰਘ ਜੱਗੀ ਨੇ ਆਪਣੀ ਜਿੱਤ ਦੀ ਖ਼ੁਸ਼ੀ ਵਿਚ ਲੱਡੂ ਤਕ ਵੰਡ ਦਿੱਤੇ ਸਨ ਪਰ ਸ਼ਾਮ ਨੂੰ ਵਾਰਡ ਦੋ ਦੀ ਉਮੀਦਵਾਰ ਸੁਰਿੰਦਰ ਕੌਰ ਦੀ ਬਜਾਇ ਕਾਂਗਰਸ ਦੀ ਪੂਜਾ ਰਾਣੀ ਅਤੇ ਵਾਰਡ ਅੱਠ ਦੇ ਸੁਰਿੰਦਰ ਸਿੰਘ ਜੱਗੀ ਦੇ ਬਜਾਇ ਕਾਂਗਰਸ ਦੀ ਸਹਿਪਾਲ ਕੌਰ ਨੂੰ ਜੇਤੂ ਐਲਾਨਿਆ ਗਿਆ। ਖ਼ਬਰ ਲਿਖੇ ਜਾਣ ਤੱਕ ਪ੍ਰਦਰਸ਼ਨ ਜਾਰੀ ਸੀ। ਚੋਣ ਰਜਿਸਟ੍ਰੇਸ਼ਨ ਅਧਿਕਾਰੀ ਵੱਲੋਂ ਐਲਾਨੇ ਨਤੀਜਿਆਂ ’ਚ ਕਾਂਗਰਸ ਪਾਰਟੀ ਦੇ 15 ਵਾਰਡਾਂ ’ਚੋਂ 9, ਲਹਿਰਾ ਵਿਕਾਸ ਮੰਚ ਦੇ ਪੰਜ ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਹੇ। ਜ਼ਿਕਰਯੋਗ ਹੈ ਕਿ ਏਵੀਐਮਾਂ ਦੀ ਗਿਣਤੀ ਸਮੇਂ ਕੁਝ ਸਮਰਥਕਾਂ ਨੇ ਕਾਲਜ ਅੰਦਰ ਦਾਖ਼ਲ ਹੋਣ ਦੀ ਜ਼ਿੱਦ ਕੀਤੀ ਜਿਨ੍ਹਾਂ ’ਤੇ ਪੁਲੀਸ ਨੂੰ ਲਾਠੀਚਾਰਜ ਕਰਨਾ ਪਿਆ ਹੈ। ਇਸ ਸਬੰਧੀ ਜਾਣਕਾਰੀ ਲਈ ਐੱਸਡੀਐੱਮ ਜੀਵਨ ਜੋਤ ਕੌਰ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।