ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 17 ਫਰਵਰੀ
ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ’ਚ ਆਮ ਆਦਮੀ ਪਾਰਟੀ (ਆਪ) ਦਾ ਕੋਈ ਵੀ ਉਮੀਦਵਾਰ ਖਾਤਾ ਨਹੀਂ ਖੋਲ੍ਹ ਸਕਿਆ। ਜਦੋਂ ਲਗਾਤਾਰ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਦੇ ਨਤੀਜੇ ਆਉਣ ਲੱਗੇ ਤਾਂ ‘ਆਪ’ ਦੇ ਹਲਕਾ ਜਗਰਾਉਂ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸੱਤਾਧਾਰੀ ਧਿਰ ’ਤੇ ਚੋਣ ਨਤੀਜਿਆਂ ’ਚ ਘਪਲਾ ਕਰਨ ਦੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਮਗਰੋਂ ਵਿਧਾਇਕ ਦੀ ਅਗਵਾਈ ਹੇਠ ‘ਆਪ’ ਵਰਕਰਾਂ ਨੇ ਪਹਿਲਵਾਨ ਢਾਬੇ ਕੋਲ ਕੌਮੀ ਮਾਰਗ ’ਤੇ ਧਰਨਾ ਲਾ ਦਿੱਤਾ। ਮਾਰਗ ਰੋਕਣ ਦੀ ਭਿਣਕ ਪੈਣ ’ਤੇ ਸੀਨੀਅਰ ਪੁਲੀਸ ਕਪਤਾਨ ਚਰਨਜੀਤ ਸਿੰਘ ਸੋਹਲ ਨੇ ਪੁਲੀਸ ਫੋਰਸ ਅਤੇ ਉਚ ਅਧਿਕਾਰੀਆਂ ਦਾ ਵਫਦ ਧਰਨੇ ਵਾਲੀ ਥਾਂ ’ਤੇ ਭੇਜਿਆ। ਪੁਲੀਸ ਨੇ ਵਿਧਾਇਕ ਨੂੰ ਧਰਨਾ ਚੁੱਕਣ ਦੀ ਬੇਨਤੀ ਕੀਤੀ ਪਰ ਧਰਨਾ ਸਮਾਪਤ ਹੋਣ ਦੀ ਥਾਂ ਇਕੱਠ ਵਧਦਾ ਗਿਆ। ਵਿਧਾਇਕ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਨੇ ਉਪ ਮੰਡਲ ਮੈਜਿਸਟਰੇਟ ਦੀ ਮਿਲੀਭੁਗਤ ਨਾਲ ਉਨ੍ਹਾਂ ਦੇ ਉਮੀਦਵਾਰਾਂ ਨੂੰ ਜਾਣ ਬੁੱਝ ਕੇ ਹਰਾਇਆ ਹੈ। ਹਾਲਾਤ ਬੇਕਾਬੂ ਹੁੰਦੇ ਦੇਖ ਏਡੀਸੀ ਅਮਰਜੀਤ ਸਿੰਘ ਬੈਂਸ ਮੌਕੇ ’ਤੇ ਪਹੁੰਚੇ ਅਤੇ ਵਿਧਾਇਕ ਮਾਣੂੰਕੇ ਨਾਲ ਗੱਲਬਾਤ ਕਰਕੇ ਧਰਨਾ ਚੁੱਕਵਾਇਆ।
ਐਂਬੂਲੈਂਸਾਂ ਦੇ ਲੰਘਣ ’ਚ ਆਈ ਮੁਸ਼ਕਲ
ਇਸ ਦੌਰਾਨ ਧਰਨਾਕਾਰੀਆਂ ਵੱਲੋਂ ਐਂਬੂਲੈਂਸ ਨੂੰ ਰਸਤਾ ਦੇਣ ਤੋਂ ਆਨੀ-ਕਾਨੀ ਕਰਨ ਮਗਰੋਂ ਆਮ ਲੋਕਾਂ ਅਤੇ ਪੁਲੀਸ ਅਧਿਕਾਰੀਆਂ ਨੇ ਦਖਲ ਦੇ ਕੇ ਐਂਬੂਲੈਂਸ ਲੰਘਵਾਈ। ਇਸ ਤੋਂ ਇਲਾਵਾ ਜਿਨ੍ਹਾਂ ਨੇ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਸ਼ਾਮਲ ਹੋਣਾ ਸੀ, ਉਹ ਵੀ ਲੰਮਾ ਸਮਾਂ ਆਲੇ-ਦੁਆਲੇ ਦੇ ਪਿੰਡਾਂ ’ਚ ਗੇੜੇ ਕੱਢਦੇ ਰਹੇ।