ਜਸਵੰਤ ਜੱਸ
ਫ਼ਰੀਦਕੋਟ, 9 ਦਸੰਬਰ
ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਇਸ ਦੇ ਪੱਤਰੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੀਆਂ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਦੀ ਸੁਣਵਾਈ ਅੱਜ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਮਿਸ ਤਰਜਨੀ ਦੀ ਅਦਾਲਤ ਵਿੱਚ ਹੋਈ। ਮੁਲਜ਼ਮਾਂ ਨੇ ਅਦਾਲਤ ਨੂੰ ਦੱਸਿਆ ਕਿ ਪੁਲੀਸ ਵੱਲੋਂ ਪੇਸ਼ ਕੀਤੇ ਗਏ ਚਲਾਨ ਦੀਆਂ ਨਕਲਾਂ ਉਨ੍ਹਾਂ ਨੂੰ ਪੂਰੀਆਂ ਨਹੀਂ ਮਿਲੀਆਂ, ਇਸ ਕਰਕੇ ਦੋਸ਼ ਆਇਦ ਹੋਣ ਦੇ ਮੁੱਦੇ ’ਤੇ ਬਹਿਸ ਨਹੀਂ ਹੋ ਸਕਦੀ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 15 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਇਸੇ ਦੌਰਾਨ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸੱਚਾ ਸੌਦਾ ਦੇ ਅਧਿਕਾਰੀ ਡਾ. ਨੈਨ ਦੀ ਪਟੀਸ਼ਨ ਦੀ ਸੁਣਵਾਈ ਕਰਦਿਆਂ ਵਿਸ਼ੇਸ਼ ਜਾਂਚ ਟੀਮ ਨੂੰ ਆਦੇਸ਼ ਦਿੱਤੇ ਹਨ ਕਿ ਉਹ ਡੇਰੇ ਦੇ ਅੰਦਰ ਹੀ ਡਾ. ਨੈਨ ਤੋਂ ਪੁੱਛ-ਗਿੱਛ ਕਰੇ। ਡਾ. ਨੈਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਰਿੱਟ ਦਾਇਰ ਕਰ ਕੇ ਕਿਹਾ ਸੀ ਕਿ ਉਸ ਦੀ ਉਮਰ 65 ਸਾਲ ਤੋਂ ਵੱਧ ਹੈ ਅਤੇ ਉਸ ਦੀ ਸਿਹਤ ਵੀ ਠੀਕ ਨਹੀਂ। ਇਸ ਲਈ ਉਹ ਜਾਂਚ ਟੀਮ ਦੇ ਹੁਕਮ ਮੁਤਾਬਕ ਪੇਸ਼ ਨਹੀਂ ਹੋ ਸਕਦਾ। ਹਾਈਕੋਰਟ ਨੇ ਡਾ. ਨੈਨ ਦੀ ਪਟੀਸ਼ਨ ਨਾਲ ਸਹਿਮਤ ਹੁੰਦਿਆਂ ਜਾਂਚ ਟੀਮ ਨੂੰ ਡੇਰਾ ਸੱਚਾ ਸੌਦਾ ਵਿੱਚ ਜਾ ਕੇ ਪੁੱਛ ਪੜਤਾਲ ਕਰਨ ਲਈ ਕਿਹਾ ਹੈ ਅਤੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਹੈ ਕਿ ਉਹ ਪੁੱਛ-ਗਿੱਛ ਵਿੱਚ ਪੂਰਾ ਸਹਿਯੋਗ ਦੇਣ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਵੱਲੋਂ ਡਾ. ਨੈਨ ਨੂੰ ਪੁੱਛ-ਗਿੱਛ ਵਾਸਤੇ ਦੋ ਵਾਰ ਨੋਟਿਸ ਜਾਰੀ ਕਰਨ ’ਤੇ ਵੀ ਉਹ ਟੀਮ ਸਾਹਮਣੇ ਪੇਸ਼ ਨਹੀਂ ਹੋਏ ਸਨ।