ਟਿ੍ਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ , 24 ਅਪਰੈਲ
ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਆਦਮੀ ਪਾਰਟੀ ਨਾਲ ਰਲ ਕੇ ਬੇਅਦਬੀ ਤੇ ਪੁਲੀਸ ਫਾਇਰਿੰਗ ਕੇਸਾਂ ਵਿੱਚ ਸ਼ੁਰੂ ਕੀਤੀ ਸਿਆਸੀ ਤੌਰ ’ਤੇ ਪ੍ਰੇਰਿਤ ਅਤੇ ਕਥਿਤ ਮਾੜੀ ਤੇ ਬਦਲਾਖੋਰੀ ਵੱਲ ਸੇਧਤ ਜਾਂਚ ਤੋਂ ਸਾਬਤ ਹੋ ਗਿਆ ਹੈ ਕਿ ਕਾਂਗਰਸ ਸਰਕਾਰ ਤੇ ਉਸ ਦੇ ਸਹਿਯੋਗੀ ਇਨ੍ਹਾਂ ਗੰਭੀਰ ਅਪਰਾਧਾਂ ਦੇ ਅਸਲ ਦੋਸ਼ੀਆਂ ਨੂੰ ਫੜਨ ’ਚ ਦਿਲਚਸਪੀ ਨਹੀਂ ਰੱਖਦੇ ਤੇ ਇਸ ਅਤਿ ਨਾਜ਼ੁਕ ਮੁੱਦੇ ’ਤੇ ਰਾਜਨੀਤੀ ਕਰ ਰਹੇ ਹਨ। ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ਨੇ ਕਾਂਗਰਸ ਅਤੇ ‘ਆਪ’ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਬਣਾਏ ਗਏ ਗਠਜੋੜ ਨੂੰ ਬੇਨਕਾਬ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿਉਕਿ ਮੁੱਖ ਮੰਤਰੀ ਨੇ ਖ਼ੁਦ ਮੀਟਿੰਗਾਂ ਕਰ ਕੇ ਕਾਂਗਰਸ ਤੇ ‘ਆਪ’ ਦੇ ਇਸ ਸਿਆਸੀ ਏਜੰਡੇ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਨਵਜੋਤ ਸਿੱਧੂ ਤੇ ਸੁਖਜਿੰਦਰ ਰੰਧਾਵਾ ਆਦਿ ਨਾਲ ਰਲ ਕੇ ਸਿਰੇ ਚੜ੍ਹਾਇਆ, ਇਸ ਲਈ ਉਨ੍ਹਾਂ ਨੂੰ ਹੁਣ ਆਪਣੇ ਅਹੁਦੇ ’ਤੇ ਰਹਿਣ ਦਾ ਕੋਈ ਹੱਕ ਨਹੀਂ ਹੈ ਤੇ ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਕਥਿਤ ਦਾਗੀ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪ੍ਰਮੋਟ ਤੇ ਉਸ ਦਾ ਬਚਾਅ ਕਰਨ ’ਚ ਕਾਂਗਰਸ ਦੇ ਨਾਲ ਰਲੇ ਹੋਏ ਹਨ ਜਦਕਿ ਕੁੰਵਰ ਵਿਜੇ ਪ੍ਰਤਾਪ ’ਤੇ ਸਾਜ਼ਿਸ਼ ਨੂੰ ਅੰਜਾਮ ਦੇਣ ਦਾ ਦੋਸ਼ ਲੱਗਾ ਹੈ। ਉਨ੍ਹਾਂ ਕਿਹਾ ਕਿਉਂਕਿ ਹਾਈ ਕੋਰਟ ਦੇ ਫ਼ੈਸਲੇ ਮਗਰੋਂ ਹੁਣ ਸਿੱਧੀ ਫ਼ੌਜਦਾਰੀ ਸਾਜ਼ਿਸ਼ ਸਿੱਧ ਹੋ ਗਈ ਹੈ, ਇਸ ਲਈ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਨੂੰ ਚਾਰਜਸ਼ੀਟ ਕਰਦਿਆਂ ਫ਼ੌਜਦਾਰੀ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਸ੍ਰੀ ਗਰੇਵਾਲ ਤੇ ਡਾ. ਚੀਮਾ ਨੇ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਤੇਜ਼ ਰਫਤਾਰ ਜਾਂਚ ਦੀ ਮੰਗ ਵੀ ਕੀਤੀ।
ਬੇਅਦਬੀ ਮਾਮਲਿਆਂ ਦੀ ਜਾਂਚ ਲਈ ‘ਸਿਟ’ ਕਾਇਮ ਕੀਤੀ ਜਾਵੇ: ਬਾਜਵਾ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਤਾਜ਼ਾ ਫ਼ੈਸਲੇ ਦੇ ਮੱਦੇਨਜ਼ਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਜਲਦੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ’ਚ ਜਾਂਚ ਰਿਪੋਰਟ ਵੀ ਤੁਰੰਤ ਆਉਣੀ ਚਾਹੀਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਇਨ੍ਹਾਂ ਕੇਸਾਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਲੋੜ ਹੈ, ਜੋ ਨਿਰੰਤਰ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਸ੍ਰੀ ਬਾਜਵਾ ਨੇ ਕਿਹਾ, ‘ਮੈਂ ਵੀ ਇਹੀ ਰਾਇ ਜ਼ਾਹਰ ਕੀਤੀ ਸੀ ਕਿ ਸਾਡੀ ਕਾਂਗਰਸ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੇ ਚੋਣ ਵਾਅਦੇ ਦੇ ਆਧਾਰ ’ਤੇ ਸੱਤਾ ’ਚ ਲਿਆਂਦਾ ਸੀ। ਇਸ ਲਈ, ਉਨ੍ਹਾਂ ਨੂੰ ਸਰਕਾਰ ਵੱਲੋਂ ਇਨਸਾਫ਼ ਲਈ ਇੰਤਜ਼ਾਰ ਨਹੀਂ ਕਰਵਾਇਆ ਜਾਣਾ ਚਾਹੀਦਾ ਅਤੇ ਤੇਜ਼ੀ ਨਾਲ ਜਾਂਚ ਕਰਨੀ ਸਮੇਂ ਦੀ ਲੋੜ ਸੀ।’ ਉਨ੍ਹਾਂ ਕਿਹਾ ਕਿ ਇੱਕ ਨਵੀਂ ਤਿੰਨ ਮੈਂਬਰੀ ਐੱਸਆਈਟੀ (ਸਿਟ) ਕਾਇਮ ਕਰਦਿਆਂ ਇੱਕ ਮਹੀਨੇ ’ਚ ਜਾਂਚ ਮੁਕੰਮਲ ਕਰਵਾ ਕੇ ਅਦਾਲਤ ਵਿੱਚ ਚਲਾਨ ਦਾਇਰ ਕਰਨਾ ਚਾਹੀਦਾ ਹੈ।