ਗਗਨਦੀਪ ਅਰੋੜਾ
ਲੁਧਿਆਣਾ, 3 ਦਸੰਬਰ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਸਿਟ) ਹੁਣ ਡੇਰਾ ਸਿਰਸਾ ’ਚ ਜਾ ਕੇ ਪੁੱਛ-ਪੜਤਾਲ ਕਰੇਗੀ। ਜਾਣਕਾਰੀ ਮੁਤਾਬਿਕ ਤੀਜੀ ਵਾਰ ਸੰਮਨ ਭੇਜਣ ਤੋਂ ਬਾਅਦ ਵੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਤੇ ਪੀਆਰ ਨੈਨ ‘ਸਿਟ’ ਅੱਗੇ ਪੇਸ਼ ਨਹੀਂ ਹੋਏ। ਨੈਨ ਵੱਲੋਂ ‘ਸਿਟ’ ਕੋਲ ਆਪਣੀ ਮੈਡੀਕਲ ਰਿਪੋਰਟ ਭੇਜੀ ਗਈ ਹੈ, ਜਦਕਿ ਵਿਪਾਸਨਾ ਨੇ ਕੁਝ ਵੀ ਨਹੀਂ ਭੇਜਿਆ। ਆਈਜੀ ਐੱਸਪੀਐੱਸ ਪਰਮਾਰ ਨੇ ਦੱਸਿਆ ਕਿ ਤਿੰਨ ਵਾਰ ਦੋਵਾਂ ਨੂੰ ਸੱਦਿਆ ਗਿਆ ਹੈ। ਨੈਨ ਦੇ ਮੈਡੀਕਲ ਅਨੁਸਾਰ ਡਾਕਟਰ ਨੇ ਉਸ ਨੂੰ ਚਾਰ ਦਿਨ ਆਰਾਮ ਕਰਨ ਲਈ ਕਿਹਾ ਹੈ, ਜਿਸ ਦੇ ਹਿਸਾਬ ਨਾਲ ਟੀਮ ਵੱਲੋਂ ਸਮਾਂ ਤੈਅ ਕੀਤਾ ਜਾਵੇੇਗਾ। ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਹਰਿਆਣਾ ਦੇ ਰੋਹਤਕ ਸਥਿਤ ਸੁਨਾਰੀਆ ਜੇਲ੍ਹ ’ਚ ਬੰਦ ਰਾਮ ਰਹੀਮ ਤੋਂ 9 ਨਵੰਬਰ ਨੂੰ ਪੁੱਛ-ਪੜਤਾਲ ਕੀਤੀ ਸੀ, ਜਿਸ ਵਿੱਚ ਡੇਰਾ ਮੁਖੀ ਨੇ ਬੇਅਦਬੀ ਦੀਆਂ ਘਟਨਾਵਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧਾਂ ਤੋਂ ਇਨਕਾਰ ਕੀਤਾ ਸੀ। ਉਸ ਦਾ ਦਾਅਵਾ ਸੀ ਕਿ ਡੇਰੇ ’ਚ ਕੰਮਕਾਜ ਦੇਖਣ ਜਾਂ ਫੈਸਲਾ ਲੈਣ ’ਚ ਉਸ ਦੀ ਕੋਈ ਭੂਮਿਕਾ ਨਹੀਂ ਸੀ। ਉਸ ਦੀ ਭੂਮਿਕਾ ਸਤਿਸੰਗ ਕਰਨ ਤੇ ਡੇਰਾ ਪ੍ਰੇਮੀਆਂ ਨੂੰ ਹੁਕਮ ਦੇਣ ਤੱਕ ਸੀ। ਇਸ ਲਈ ਬੇਅਦਬੀ ਦੀਆਂ ਘਟਨਾਵਾਂ ’ਚ ਅੱਗੇ ਦੀ ਜਾਂਚ ਲਈ ‘ਸਿਟ’ ਨੇ ਚੇਅਰਪਰਸਨ ਅਤੇ ਪ੍ਰਬੰਧਕਾਂ ਨੂੰ ਸੰਮਨ ਭੇਜਿਆ ਹੈ। ਦੋਸ਼ ਹੈ ਕਿ ਡੇਰਾ ਦੇ ਮੁੱਖ ਦਫ਼ਤਰ ’ਚ ਬੇਅਦਬੀ ਦੀਆਂ ਘਟਨਾਵਾਂ ਦੀ ਸਾਜ਼ਿਸ਼ ਰਚੀ ਗਈ ਸੀ ਤੇ ਡੇਰਾ ਮੈਂਬਰਾਂ ਨੇ ਕਥਿਤ ਤੌਰ ’ਤੇ ਘਟਨਾ ਨੂੰ ਅੰਜਾਮ ਦਿੱਤਾ ਸੀ।