ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 18 ਜਨਵਰੀ
ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਥਿਤ ਤੌਰ ’ਤੇ ਚੋਰੀ ਕਰ ਕੇ ਉਸ ਦੀ ਬੇਅਦਬੀ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਸਥਾਨਕ ਜੁਡੀਸ਼ਲ ਮੈਜਿਸਟਰੇਟ ਸੁਰੇਸ਼ ਕੁਮਾਰ ਦੀ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਜਾਂਚ ਟੀਮ ਨੇ 6 ਜੁਲਾਈ, 2020 ਨੂੰ ਇਨ੍ਹਾਂ ਤਿੰਨਾਂ ਕਮੇਟੀ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਅਦਾਲਤ ਪਾਸੋਂ ਗ੍ਰਿਫ਼ਤਾਰੀ ਵਾਰੰਟ ਹਾਸਲ ਕੀਤੇ ਸਨ। ਵਾਰ-ਵਾਰ ਛਾਪੇ ਮਾਰਨ ਦੇ ਬਾਵਜੂਦ ਇਹ ਕਮੇਟੀ ਮੈਂਬਰ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਆਏ। ਅਦਾਲਤ ਨੇ ਇਸ ਮਾਮਲੇ ਵਿੱਚ ਅੱਜ ਤਿੰਨੇ ਕਮੇਟੀ ਮੈਂਬਰਾਂ ਨੂੰ ਭਗੌੜਾ ਐਲਾਨ ਦਿੱਤਾ ਹੈ। ਅਦਾਲਤ ਨੇ ਭਗੌੜੇ ਹੋਏ ਕਮੇਟੀ ਮੈਂਬਰਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 174-ਏ ਤਹਿਤ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ।