ਜਸਵੰਤ ਜੱਸ
ਫ਼ਰੀਦਕੋਟ, 20 ਸਤੰਬਰ
ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਅੱਜ ਫ਼ਰੀਦਕੋਟ ਦੀ ਜੁਡੀਸ਼ਲ ਮੈਜਿਸਟਰੇਟ ਤਰਜਨੀ ਨੇ ਡੇਰਾ ਸਿਰਸਾ ਦੀ ਕੌਮੀ ਕਮੇਟੀ ਦੇ ਮੈਂਬਰ ਹਰਸ਼ ਧੁਰੀ, ਸੰਦੀਪ ਬਰੇਟਾ, ਪ੍ਰਦੀਪ ਕਲੇਰ ਨੂੰ ਭਗੌੜਾ ਐਲਾਨ ਦਿੱਤਾ ਹੈ। ਇਨ੍ਹਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ, ਪੱਤਰੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਸਾਜ਼ਿਸ਼ ਰਚਣ ਦਾ ਦੋਸ਼ ਹੈ। ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਣ ਤੋਂ ਬਾਅਦ ਐੱਸਐੱਚਓ ਬਾਜਾਖਾਨਾ ਨੂੰ ਭਗੌੜੇ ਐਲਾਨੇ ਗਏ ਕਮੇਟੀ ਮੈਂਬਰਾਂ ਦੀ ਜਾਇਦਾਦ ਸ਼ਨਾਖਤ ਕਰਨ ਅਤੇ ਇਸ ਦੀ ਸੂਚੀ 11 ਅਕਤੂਬਰ ਤੱਕ ਅਦਾਲਤ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾ ਸਕੇ। ਅਦਾਲਤ ਨੇ ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 174-ਏ (ਅਦਾਲਤੀ ਕਾਰਵਾਈ ਦਾ ਸਾਹਮਣਾ ਕਰਨ ਤੋਂ ਟਲਣਾ) ਤਹਿਤ ਕੇਸ ਦਰਜ ਕਰਨ ਲਈ ਵੀ ਕਿਹਾ ਹੈ। ਇਹ ਤਿੰਨੇ ਕਮੇਟੀ ਮੈਂਬਰ ਬੇਅਦਬੀ ਨਾਲ ਜੁੜੀਆਂ ਅੱਧੀ ਦਰਜਨ ਘਟਨਾਵਾਂ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਏ ਸਨ ਪਰ ਵਿਸ਼ੇਸ਼ ਜਾਂਚ ਟੀਮ ਤਿੰਨਾਂ ’ਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕਰ ਸਕੀ।
ਪੁਲੀਸ ਨੇ ਅਦਾਲਤ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਉਨ੍ਹਾਂ ਕਈ ਥਾਵਾਂ ’ਤੇ ਛਾਪੇ ਮਾਰੇ ਪਰ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਲੱਗੇ। ਥਾਣਾ ਬਾਜਾਖਾਨਾ ਦੇ ਐੱਸਐੱਚਓ ਇਕਬਾਲ ਹੁਸੈਨ ਨੇ ਕਿਹਾ ਕਿ ਭਗੌੜੇ ਐਲਾਨੇ ਗਏ ਡੇਰੇ ਦੀ ਕੌਮੀ ਕਮੇਟੀ ਮੈਂਬਰਾਂ ਦੀ ਜਾਇਦਾਦ ਅਤੇ ਬੈਂਕ ਖਾਤਿਆਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ।