ਗਗਨਦੀਪ ਅਰੋੜਾ
ਲੁਧਿਆਣਾ, 15 ਅਪਰੈਲ
ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ ਹੁਣ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬਰਗਾੜੀ ਮਾਮਲੇ ’ਤੇ ਆਪਣੀ ਪਾਰਟੀ ਖ਼ਿਲਾਫ਼ ਝੰਡਾ ਚੁੱਕ ਲਿਆ ਹੈ। ਇਸ ਸਬੰਧੀ ਬਿੱਟੂ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਕਹਿੰਦੇ ਹਨ, ‘ਕੈਪਟਨ ਸਾਬ੍ਹ! ਛੇ ਮਹੀਨੇ ਰਹਿ ਗਏ, ਹੁਣ ਤਾਂ ਕੁਝ ਕਰ ਲਓ, ਨਹੀਂ ਤਾਂ ਲੋਕਾਂ ਨੇ ਸਾਨੂੰ ਪਿੰਡਾਂ ਵਿੱਚ ਨਹੀਂ ਵੜਨ ਦੇਣਾ।’
ਜਾਣਕਾਰੀ ਅਨੁਸਾਰ ਵਿਸਾਖੀ ਵਾਲੇ ਦਿਨ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਸਬੰਧੀ ਫੇਸਬੁੱਕ ’ਤੇ ਲਾਈਵ ਹੋ ਕੇ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ’ਤੇ ਸਵਾਲ ਚੁੱਕੇ ਸਨ।
ਹੁਣ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਫੇਸਬੁੱਕ ’ਤੇ ਕਰੀਬ 21 ਮਿੰਟ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੱਲਾਂ-ਗੱਲਾਂ ਵਿੱਚ ਵੱਡੇ ਸਵਾਲ ਕੀਤੇ। ਬਿੱਟੂ ਨੇ ਕਿਹਾ ਕਿ ਕੈਪਟਨ ਸਾਬ੍ਹ ਹੁਣ ਵੀ ਕੁਝ ਕਰ ਲਓ, ਨਹੀਂ ਤਾਂ ਪਿੱਛੇ ਰਹਿ ਜਾਵਾਂਗੇ। ਬਿੱਟੂ ਨੇ ਵੀਡੀਓ ਦੀ ਸ਼ੁਰੂਆਤ ਵਿੱਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਅੱਜ ਵੀ ਉਨ੍ਹਾਂ ਨੂੰ ਭਰੋਸਾ ਹੈ ਕਿ ਬੇਅਦਬੀ ਕਾਂਡ ਵਿੱਚ ਇਨਸਾਫ਼ ਮਿਲੇਗਾ। ਉਨ੍ਹਾਂ ਕਿਹਾ ਕੈਪਟਨ ਦੇ ਪਰਿਵਾਰ ਨੇ ਪੰਥ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ, ਉਹ ਸਾਰੇ ਜਾਣਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਚਾਹੇ ਤਾਂ ਇਸ ਮਾਮਲੇ ’ਚ ਕੁਝ ਵੀ ਕਰ ਸਕਦੀ ਹੈ। ਜੇਕਰ ਸਰਕਾਰ ਨੇ ਕੋਈ ਵੱਡਾ ਕਦਮ ਨਾ ਚੁੱਕਿਆ ਤਾਂ ਉਨ੍ਹਾਂ ਨੂੰ ਵੀ ਉਸੇ ਕਟਿਹਰੇ ’ਚ ਖੜ੍ਹੇ ਹੋਣਾ ਪਵੇਗਾ, ਜਿੱਥੇ ਬਾਦਲ ਪਰਿਵਾਰ ਨੂੰ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਚੋਣਾਂ ਨੂੰ 6 ਮਹੀਨੇ ਰਹਿ ਗਏ, ਇਸ ਲਈ ਸਖ਼ਤ ਕਦਮ ਚੁੱਕ ਕੇ ਬਾਦਲ ਪਰਿਵਾਰ ਖ਼ਿਲਾਫ਼ ਕੇਸ ਦਰਜ ਕਰਨਾ ਚਾਹੀਦਾ ਹੈ। ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ’ਚ ਅਫ਼ਸਰ ਲੌਬੀ ਅੱਜ ਵੀ ਬਾਦਲ ਪਰਿਵਾਰ ਦੇ ਨਾਲ ਹੈ। ਉਹ ਕਦੇ ਸਰਕਾਰ ਨੂੰ ਸਹੀ ਸਲਾਹ ਨਹੀਂ ਦੇਵੇਗੀ। ਇਹ ਪੰਜਾਬ ਹੈ ਤੇ ਧਰਮ ਨਾਲ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਜੇਕਰ ਹੁਣ ਵੀ ਕਾਰਵਾਈ ਨਹੀਂ ਕੀਤੀ ਤਾਂ ਚੋਣਾਂ ’ਚ ਲੋਕ ਪਿੰਡਾਂ ’ਚ ਦਾਖ਼ਲ ਨਹੀਂ ਹੋਣ ਦੇਣਗੇ।
ਮੈਂ ਸੱਚੀ ਗੱਲ ਕੀਤੀ: ਬਿੱਟੂ
ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਫੋਨ ’ਤੇ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਜੋ ਗੱਲ ਵੀ ਕੀਤੀ ਹੈ, ਉਹ ਸੱਚਾਈ ਹੈ, ਜਿਸ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਇਸ ਗੱਲ ਦਾ ਫ਼ੈਸਲਾ ਲੈਣਾ ਹੀ ਪਵੇਗਾ ਕਿ ਜੋ ਵੀ ਕਸੂਰਵਾਰ ਹਨ, ਉਨ੍ਹਾਂ ਨੂੰ ਸਜ਼ਾ ਮਿਲੇ। ਇਸ ਕਰਕੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਬੇਅਦਬੀ ਦੇ ਕਸੂਰਵਾਰਾਂ ਨੂੰ ਸਜ਼ਾ ਦਿਵਾਉਣ।