ਜਸਵੰਤ ਜੱਸ
ਫ਼ਰੀਦਕੋਟ, 15 ਜੂਨ
ਬੇਅਦਬੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਦੀ ਅਦਾਲਤੀ ਹਿਰਾਸਤ 28 ਜੂਨ ਤੱਕ ਵਧ ਗਈ ਹੈ। ਅੱਜ ਡੇਰਾ ਪ੍ਰੇਮੀ ਸੁਖਵਿੰਦਰ ਸਿੰਘ, ਸ਼ਕਤੀ ਸਿੰਘ, ਬਲਜੀਤ ਸਿੰਘ, ਪ੍ਰਦੀਪ ਸਿੰਘ, ਸੁਖਜਿੰਦਰ ਸਿੰਘ ਅਤੇ ਰਣਦੀਪ ਸਿੰਘ, ਜੋ ਇੱਥੋਂ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਹਨ, ਨੂੰ ਵੀਡੀਓ ਕਾਨਫਰੰਸ ਰਾਹੀਂ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸਾਰੇ ਡੇਰਾ ਪ੍ਰੇਮੀਆਂ ਨੂੰ 28 ਜੂਨ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਇਤਰਾਜ਼ਯੋਗ ਪੋਸਟਰ ਸਬੰਧੀ ਫੋਰੈਂਸਿਕ ਲੈਬ ਦੀ ਰਿਪੋਰਟ ਉਡੀਕੀ ਜਾ ਰਹੀ ਹੈ, ਜਿਸ ਕਰਕੇ ਹਾਲੇ ਅਦਾਲਤ ਵਿੱਚ ਚਲਾਨ ਨਹੀਂ ਪੇਸ਼ ਕੀਤਾ ਜਾ ਸਕਿਆ।
ਪੁਲੀਸ ਅਧਿਕਾਰੀਆਂ ਦੇ ਨਾਰਕੋ ਟੈਸਟ ਦੀ ਸੁਣਵਾਈ 22 ਜੂਨ ਨੂੰ
ਕੋਟਕਪੂਰਾ ਗੋਲੀ ਕਾਂਡ ਵਿੱਚ ਸਾਬਕਾ ਡੀਜੀਪੀ ਸੁਮੇਧ ਸੈਣੀ, ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਬਾਰੇ ਇਲਾਕਾ ਮੈਜਿਸਟਰੇਟ ਦੀ ਅਦਾਲਤ 22 ਜੂਨ ਨੂੰ ਕਾਰਵਾਈ ਕਰੇਗੀ। ਅਦਾਲਤ ਨੇ ਤਿੰਨੇ ਅਧਿਕਾਰੀਆਂ ਨੂੰ ਨਾਰਕੋ ਟੈਸਟ ਬਾਰੇ ਆਪਣਾ ਪੱਖ ਲਿਖਤੀ ਤੌਰ ’ਤੇ ਅਦਾਲਤ ਸਾਹਮਣੇ ਰੱਖਣ ਲਈ ਕਿਹਾ ਹੈ।
ਬਾਦਲ ਬੇਤੁਕੇ ਬਹਾਨੇ ਨਾ ਬਣਾਉਣ: ਆਸ਼ੂ
ਚੰਡੀਗੜ੍ਹ (ਟਨਸ): ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਸੀਹਤ ਦਿੱਤੀ ਹੈ ਕਿ ਉਹ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਸਿੱਧੀ ਸ਼ਮੂਲੀਅਤ ਹੋਣ ਕਰਕੇ ਸਿਟ (ਵਿਸ਼ੇਸ਼ ਜਾਂਚ ਟੀਮ) ਅੱਗੇ ਪੇਸ਼ ਹੋਣ ਤੋਂ ਦੂਰ ਭੱਜਣ ਲਈ ਬੇਤੁਕੇ ਬਹਾਨੇ ਨਾ ਬਣਾਉਣ। ਮੰਤਰੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੂੰ ਐੱਸਆਈਟੀ ਸਾਹਮਣੇ ਪੇਸ਼ ਹੋਣ ਤੋਂ ਟਾਲ਼ਾ ਵੱਟਣ ਦੀ ਥਾਂ ਪੜਤਾਲ ਵਿੱਚ ਖੁੱਲ੍ਹ ਕੇ ਸ਼ਾਮਲ ਹੋਣਾ ਚਾਹੀਦਾ ਹੈ।