ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੁਲਾਈ
ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੇਅਦਬੀ ਮਾਮਲਿਆਂ ਨਾਲ ਸਬੰਧਤ ਸਿੱਖ ਜਥੇਬੰਦੀਆਂ ਨੂੰ ਸੌਂਪੀ ਗਈ ਜਾਂਚ ਰਿਪੋਰਟ ’ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਜਾਂਚ ਰਿਪੋਰਟ ਵਿਚੋਂ ਬਾਦਲਾਂ ਨੂੰ ਬਾਹਰ ਰੱਖਣ ਦਾ ਮਤਲਬ ਕਲੀਨ ਚਿੱਟ ਦੇਣ ਦੇ ਬਰਾਬਰ ਹੈ ਕਿਉਂਕਿ ਬੇਅਦਬੀ ਦੇ ਮੁੱਖ ਮੁਲਜ਼ਮਾਂ ਵਿੱਚ ਡੇਰਾ ਮੁਖੀ ਅਤੇ ਉਸ ਨੂੰ ਮੁਆਫ਼ੀ ਦੇਣ ਵਾਲਿਆਂ ਦਾ ਨਾਮ ਸਭ ਤੋਂ ਉੱਪਰਲੀ ਕਤਾਰ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਜਾਂਚ ਰਿਪੋਰਟ ਅਧੂਰੀ ਕਿਉਂ ਹੈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀਆਂ ਬੇਅਦਬੀ ਦੀਆਂ ਹੋਰ ਘਟਨਾਵਾਂ ਵੀ ਵਾਪਰੀਆਂ ਸਨ। ਬਹਬਿਲ ਕਲਾਂ ਵਿੱਚ ਦੋ ਸਿੱਖਾਂ ਦਾ ਗੋਲੀ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਜਿਸ ਦਾ ਵੇਰਵਾ ਮੁੱਖ ਮੰਤਰੀ ਵੱਲੋਂ ਸੌਂਪੀ ਰਿਪੋਰਟ ਵਿੱਚ ਨਹੀਂ ਹੈ। ਸ੍ਰੀ ਮਾਨ ਨੇ ਕਿਹਾ ਕਿ ਸਿੱਖ ਕੌਮ ਦੇ ਇਸ ਘਾਣ ਨੂੰ ਰਿਪੋਰਟ ਤੋਂ ਬਾਹਰ ਕਿਉਂ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਰਕਾਰ ਬਣਨ ਮਗਰੋਂ ਇੱਕ ਮਹੀਨੇ ਵਿੱਚ ਵੀ ਸਜ਼ਾਵਾਂ ਦਿੱਤੀਆਂ ਜਾਣਗੀਆਂ ਤੇ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਬਹਬਿਲ ਕਲਾਂ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਉੱਤੇ ਗੋਲੀਆਂ ਚਲਾ ਕੇ ਦੋ ਸਿੱਖ ਗੁਰਜੀਤ ਸਿੰਘ ਅਤੇ ਹਰਕ੍ਰਿਸ਼ਨ ਭਗਵਾਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜਿਸ ਦਾ ਇਨਸਾਫ਼ ਅਜੇ ਵੀ ਅਧੂਰਾ ਹੈ।
ਬਰਗਾੜੀ ਕਾਂਡ: ਮੁੱਖ ਮੰਤਰੀ ਵੱਲੋਂ ਰਿਪੋਰਟ ਕੁਝ ਆਗੂਆਂ ਨੂੰ ਸੌਂਪਣ ਦਾ ਮਾਮਲਾ ਭਖ਼ਿਆ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਮੁੱਖ ਮੰਤਰੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਸਬੰਧੀ ਪੰਜ ਚੋਣਵੇਂ ਸਿੱਖ ਨੁਮਾਇੰਦਿਆਂ ਨੂੰ ਸੌਂਪੀ ਰਿਪੋਰਟ ’ਤੇ ਦਲ ਖਾਲਸਾ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਕਈ ਸ਼ੰਕੇ ਅਤੇ ਸਵਾਲ ਖੜ੍ਹੇ ਹੋ ਗਏ ਹਨ। ਦਲ ਖਾਲਸਾ ਦੇ ਆਗੂਆਂ ਪਰਮਜੀਤ ਸਿੰਘ ਟਾਂਡਾ, ਪਰਮਜੀਤ ਸਿੰਘ ਮੰਡ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਥਕ ਹਲਕੇ ਹੈਰਾਨ ਹਨ ਕਿ ਮੁੱਖ ਮੰਤਰੀ ਨੇ ਇਨ੍ਹਾਂ ਪੰਜ ਸਿੱਖਾਂ ਨੂੰ ਹੀ ਰਿਪੋਰਟ ਸੌਂਪਣ ਲਈ ਕਿਉਂ ਚੁਣਿਆ, ਜਦੋਂ ਕਿ ਇਨ੍ਹਾਂ ਦਾ ਬਹਬਿਲ ਕਲਾਂ ਵਿੱਚ ਚੱਲ ਰਹੇ ਮੋਰਚੇ ਨਾਲ ਕੋਈ ਸਿੱਧਾ ਸਬੰਧ ਵੀ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਨੇ ਸ਼ਹੀਦ ਗੁਰਜੀਤ ਸਿੰਘ ਅਤੇ ਹਰਕ੍ਰਿਸ਼ਨ ਭਗਵਾਨ ਸਿੰਘ ਦੇ ਵਾਰਿਸਾਂ ਵੱਲੋਂ ਆਰੰਭ ਕੀਤੇ ਬਹਬਿਲ ਕਲਾਂ ਇਨਸਾਫ਼ ਮੋਰਚੇ ਨੂੰ ਨਜ਼ਰਅੰਦਾਜ਼ ਕਿਉਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਕਿ ‘ਆਪ’ ਦੀ ਸਰਕਾਰ ਅਕਾਲੀ ਦਲ ਬਾਦਲ ਅਤੇ ਕੈਪਟਨ ਦੀ ਕਾਂਗਰਸ ਸਰਕਾਰ ਵਾਂਗ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇਨਜ਼ਰ ਆਪਣਾ ਮੁਤਵਾਜ਼ੀ ਸੰਤ ਸਮਾਜ ਖੜ੍ਹਾ ਕਰਨ ਦੇ ਰੌਂਅ ਵਿੱਚ ਹੈ। ਉਨ੍ਹਾਂ ਕਿਹਾ ਕਿ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਾਲਾ ਸੰਤ ਸਮਾਜ ਅਕਾਲੀ ਦਲ ਬਾਦਲ ਨਾਲ ਜੁੜਿਆ ਹੈ। ਦੂਜੇ ਪਾਸੇ ਬਾਬਾ ਸਰਬਜੋਤ ਸਿੰਘ ਬੇਦੀ ਅਤੇ ਬਾਬਾ ਹਰੀ ਸਿੰਘ ਰੰਧਾਵਾ ਦੀ ਅਗਵਾਈ ਵਾਲੇ ਸੰਤ ਸਮਾਜ ਦੀ ਨੇੜਤਾ ਕੈਪਟਨ ਅਮਰਿੰਦਰ ਸਿੰਘ ਨਾਲ ਰਹੀ ਹੈ। ਇਸੇ ਤਰ੍ਹਾਂ ਭਾਜਪਾ ਨੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੇ ਚਹੇਤਿਆਂ ਦੀ ਕਤਾਰ ਵਿੱਚ ਰੱਖਿਆ ਹੋਇਆ ਹੈ। ਦਲ ਖਾਲਸਾ ਆਗੂਆਂ ਨੇ ਦੋਸ਼ ਲਾਇਆ ਕਿ ‘ਆਪ’ ਸਰਕਾਰ ਪੰਥ ਵਿੱਚ ਫੁੱਟ ਪਾਉਣ ਦੇ ਰਾਹ ਤੁਰ ਪਈ ਹੈ, ਇਸ ਲਈ ਸਿੱਖ ਕੌਮ ਨੂੰ ਸਰਕਾਰੀ ਚਾਲਾਂ ਤੇ ਪੈਂਤੜਿਆਂ ਤੋ ਸੁਚੇਤ ਰਹਿਣ ਚਾਹੀਦਾ ਹੈ।