ਜਸਵੰਤ ਜੱਸ
ਫ਼ਰੀਦਕੋਟ, 16 ਮਈ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਤਿੰਨ ਮਾਮਲਿਆਂ ਵਿੱਚ ਅੱਜ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ। ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕਰਨ, ਉਸ ਦੇ ਪੱਤਰੇ ਗਲੀਆਂ ਵਿੱਚ ਖਿਲਾਰਨ ਅਤੇ ਇਤਰਾਜ਼ਯੋਗ ਪੋਸਟਰ ਲਾਉਣ ਦੇ ਮਾਮਲੇ ਵਿੱਚ ਮੁਲਜ਼ਮ ਨਾਮਜ਼ਦ ਹੋਣ ਤੋਂ ਬਾਅਦ ਡੇਰਾ ਮੁਖੀ ਨੇ ਅੱਜ ਇੱਥੇ ਦੂਜੀ ਵਾਰ ਪੇਸ਼ੀ ਭੁਗਤੀ। ਜਾਂਚ ਟੀਮ ਇਨ੍ਹਾਂ ਤਿੰਨੋਂ ਮਾਮਲਿਆਂ ਵਿੱਚ ਚਲਾਨ ਅਦਾਲਤ ਸਾਹਮਣੇ ਪੇਸ਼ ਕਰ ਚੁੱਕੀ ਹੈ ਅਤੇ 6 ਮਈ ਨੂੰ ਤਿੰਨਾਂ ਕੇਸਾਂ ਦੇ ਚਲਾਨ ਦੀਆਂ ਨਕਲਾਂ ਡੇਰਾ ਮੁਖੀ ਦੇ ਵਕੀਲਾਂ ਨੂੰ ਅਦਾਲਤ ਨੇ ਸੌਂਪ ਦਿੱਤੀਆਂ ਸਨ। ਡੇਰਾ ਮੁਖੀ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਟੀਮ ਨੇ ਚਲਾਨ ਦੀਆਂ ਚੋਰ ਨਕਲਾਂ ਮੁਹੱਈਆ ਕਰਵਾਈਆਂ ਹਨ, ਉਹ ਅਧੂਰੀਆਂ ਹਨ। ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਮੋਨਿਕਾ ਲਾਂਬਾ ਨੇ ਜਾਂਚ ਟੀਮ ਦੇ ਅਧਿਕਾਰੀਆਂ ਤੇ ਸਰਕਾਰੀ ਵਕੀਲ ਨੂੰ ਆਦੇਸ਼ ਦਿੱਤਾ ਹੈ ਕਿ ਚਲਾਨ ਦੀਆਂ ਬਾਕੀ ਰਹਿੰਦੀਆਂ ਨਕਲਾਂ ਵੀ ਡੇਰਾ ਮੁਖੀ ਦੇ ਵਕੀਲ ਨੂੰ ਮੁਹੱਈਆ ਕਰਵਾਈਆਂ ਜਾਣ। ਅਦਾਲਤ ਇਸ ਮਾਮਲੇ ਵਿੱਚ ਅਗਲੀ ਸੁਣਵਾਈ 30 ਮਈ ਨੂੰ ਕਰੇਗੀ। ਅੱਜ ਸੁਣਵਾਈ ਦੌਰਾਨ ਇਨ੍ਹਾਂ ਮਾਮਲਿਆਂ ਵਿੱਚ ਨਾਮਜ਼ਦ ਸੱਤ ਹੋਰ ਡੇਰਾ ਪ੍ਰੇਮੀ ਵੀ ਅਦਾਲਤ ਵਿੱਚ ਹਾਜ਼ਰ ਸਨ।