ਫ਼ਰੀਦਕੋਟ (ਜਸਵੰਤ ਜੱਸ): ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਉਸ ਦੀ ਬੇਅਦਬੀ ਕਰਨ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੂੰ ਹੁਕਮ ਦਿੱਤੇ ਹਨ ਕਿ ਉਹ ਪੁੱਛ-ਪੜਤਾਲ ਲਈ 26 ਨਵੰਬਰ ਨੂੰ ਲੁਧਿਆਣਾ ਪੁਲੀਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਵੇ। ਦੱਸਣਯੋਗ ਹੈ ਕਿ ਜਾਂਚ ਟੀਮ ਨੇ 8 ਨਵੰਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਵਿੱਚ ਪੁੱਛ-ਪੜਤਾਲ ਕੀਤੀ ਸੀ। ਡੇਰਾ ਮੁਖੀ ਨੇ ਜਾਂਚ ਟੀਮ ਨੂੰ ਬਹੁਤੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦਿੱਤੇ। ਜਾਂਚ ਟੀਮ ਨੇ ਡੇਰਾ ਮੁਖੀ ਤੋਂ ਡੇਰੇ ਦੀ ਸਥਾਪਨਾ, ਪ੍ਰਬੰਧ ਤੇ ਡੇਰੇ ਨਾਲ ਜੁੜੇ ਕੰਮਾਂ ਅਤੇ ਵਿਵਾਦਾਂ ਬਾਰੇ ਸੌ ਤੋਂ ਵੱਧ ਸਵਾਲ ਕੀਤੇ ਸਨ। ਬਹੁਤੇ ਜਵਾਬਾਂ ਵਿੱਚ ਡੇਰਾ ਮੁਖੀ ਨੇ ਕਿਹਾ ਸੀ ਕਿ ਇਸ ਬਾਰੇ ਡੇਰੇ ਦੀ ਕਮੇਟੀ ਅਤੇ ਚੇਅਰਪਰਸਨ ਹੀ ਦੱਸ ਸਕਦੀ ਹੈ। ਇਸ ਤੋਂ ਬਾਅਦ ਜਾਂਚ ਟੀਮ ਨੇ ਵਿਪਾਸਨਾ ਨੂੰ ਜਾਂਚ ਵਿੱਚ ਸ਼ਾਮਿਲ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸੇ ਦਰਮਿਆਨ ਖੁਲਾਸਾ ਹੋਇਆ ਹੈ ਕਿ 8 ਨਵੰਬਰ ਨੂੰ ਡੇਰਾ ਮੁਖੀ ਨੂੰ ਕੀਤੇ ਗਏ ਸਵਾਲਾਂ ਜਵਾਬਾਂ ਦੀ ਸੂਚੀ ਲੀਕ ਹੋ ਗਈ ਹੈ। ਲੀਕ ਹੋਈ ਸੂਚੀ ਮੁਤਾਬਿਕ ਪੁੱਛ-ਪੜਤਾਲ ਵਿੱਚ ਡੇਰਾ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਨਾਲ ਜੁੜੀ ਕਿਸੇ ਵੀ ਘਟਨਾ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਡੇਰੇ ਦੇ ਪ੍ਰਬੰਧਾਂ ਵਿੱਚ ਕੋਈ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਦੇ ਹਨ।