ਸ਼ੰਗਾਰਾ ਸਿੰਘ ਅਕਲੀਆ
ਜੋਗਾ, 28 ਫਰਵਰੀ
ਪਿੰਡ ਅਕਲੀਆ ਵਿੱਚ ਪਿਛਲੇ ਕਈ ਦਿਨਾਂ ਤੋਂ ਡੇਰਾ ਭਾਈ ਬਾਗ਼ ਵਾਲਾ ਅਕਲੀਆ ਦੇ ਮਹੰਤ ਗੰਗਾ ਰਾਮ ਅਤੇ ਇਨਸਾਫ਼ ਦਿਵਾਓ ਸੰਘਰਸ਼ ਕਮੇਟੀ ਅਕਲੀਆ ਵਿਚਾਲੇ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਦੇ ਮੱਦੇਨਜ਼ਰ ਥਾਣਾ ਜੋੋਗਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤਰਫੋਂ ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਪੁਲੀਸ ਉਪ ਕਪਤਾਨ ਗੋਬਿੰਦਰ ਸਿੰਘ ਨੇ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਕਰਵਾ ਦਿੱਤਾ।
ਇਸ ਦੌਰਾਨ ਪ੍ਰਸ਼ਾਸਨ, ਡੇਰੇ ਦੇ ਮਹੰਤ ਗੰਗਾ ਰਾਮ ਅਤੇ ਇਨਸਾਫ਼ ਦਿਵਾਓ ਸੰਘਰਸ਼ ਕਮੇਟੀ ਅਕਲੀਆ ਦੇ ਆਗੂ ਸਰਪੰਚ ਸੁਖਵੀਰ ਸਿੰਘ ਖਾਲਸਾ, ਜੀਤ ਸਿੰਘ ਮਾਹੂਕਾ ਅਤੇ ਭਗਵਾਨ ਸਿੰਘ ਖਾਲਸਾ ਦੀ ਤਿੰਨ ਧਿਰੀ ਮੀਟਿੰਗ ਵਿੱਚ ਇੱਕ ਲਿਖਤੀ ਸਮਝੌਤਾ ਹੋਇਆ ਕਿ ਮਹੰਤ ਗੰਗਾ ਰਾਮ ਅੱਜ ਤੋਂ ਬਾਅਦ ਡੇਰਾ ਭਾਈ ਬਾਗ਼ ਵਾਲਾ ਅਕਲੀਆ ਵਿੱਚ ਨਹੀਂ ਰਹਿਣਗੇ। ਡੇਰਾ ਭਾਈ ਬਾਗ਼ ਵਾਲਾ ਦੀ ਦੇਖ-ਭਾਲ ਡੇਰਾ ਬਾਬਾ ਘੜੂੰਆਂ ਅਕਲੀਆ ਦੇ ਮੁੱਖ ਮਹੰਤ ਬਾਬਾ ਬਸੰਤ ਰਾਮ ਕਰਨਗੇ। ਇਹ ਵੀ ਫ਼ੈਸਲਾ ਹੋਇਆ ਕਿ ਜਦੋਂ ਆਉਣ ਵਾਲੇ ਸਮੇਂ ਦੌਰਾਨ ਕਿਸੇ ਵੀ ਸਾਧੂ ਨੂੰ ਡੇਰਾ ਭਾਈ ਬਾਗ਼ ਵਾਲਾ ਅਕਲੀਆ ਦਾ ਮਹੰਤ ਥਾਪਿਆ ਜਾਵੇਗਾ ਤਾਂ ਸਮੂਹ ਅਕਲੀਆ ਵਾਸੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਡੇਰਾ ਭਾਈ ਬਾਗ ਵਾਲਾ ਅਕਲੀਆ ਦੇ ਮੁੱਖ ਮਹੰਤ ਬਾਬਾ ਗੰਗਾ ਰਾਮ ਅੱਜ ਬਾਅਦ ਦੁਪਹਿਰ ਡੇਰਾ ਭਾਈ ਬਾਗ਼ ਵਾਲਾ ਅਕਲੀਆ ਨੂੰ ਛੱਡ ਗਏ ਹਨ। ਥਾਣਾ ਜੋਗਾ ਦੇ ਮੁਖੀ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਪਾਰਟੀ ਡੇਰਾ ਭਾਈ ਬਾਗ਼ ਵਾਲਾ ਅੰਦਰ ਤਾਇਨਾਤ ਕੀਤੀ ਹੋਈ ਸੀ, ਜੋ ਡੇਰੇ ’ਚ ਮਾਹੌਲ ਸ਼ਾਂਤ ਹੋਣ ਮਗਰੋਂ ਪਰਤ ਗਈ।