ਪੱਤਰ ਪ੍ਰੇਰਕ
ਰਈਆ 11 ਅਪਰੈਲ
ਪੁਲੀਸ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਬੱਗਾ ਵਿੱਚ ਬੀਤੀ ਰਾਤ ਗੁੱਜਰ ਭਾਈਚਾਰੇ ਦੇ ਲੋਕਾਂ ਵਿਚਾਲੇ ਹੋਏ ਝਗੜੇ ਦੌਰਾਨ ਹੋਈ ਮੌਤ ਦੇ ਸਬੰਧ ਵਿੱਚ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੋਸ਼ਨਦੀਨ ਪੁੱਤਰ ਸੈਫ਼ ਦੀਨ ਵਾਸੀ ਮੱਤੇਵਾਲ ਨੇ ਦੱਸਿਆ ਕਿ ਲੰਘੀ ਰਾਤ ਉਹ ਤੇ ਉਸ ਦਾ ਭਰਾ ਲਾਲ ਹੁਸੈਨ ਘਰ ਵਿੱਚ ਬੈਠੇ ਸਨ ਤਾਂ ਇੱਕ ਸਵਿਫ਼ਟ ਕਾਰ, ਆਲਟੋ ਕਾਰ ਤੇ ਦੋ ਟਰੈਕਟਰਾਂ ’ਤੇ ਅੱਠ-ਦਸ ਵਿਅਕਤੀ ਆਏ ਤੇ ਉਨ੍ਹਾਂ ਨੇ ਲਾਲ ਹੁਸੈਨ (30) ਦੇ ਸਿਰ ’ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਲਾਲ ਹੁਸੈਨ ਦੀ ਮੌਕੇ ’ਤੇ ਮੌਤ ਹੋ ਗਈ। ਹਮਲਾਵਰਾਂ ਨੇ ਕੁਝ ਵਾਹਨਾਂ ਤੇ ਹੋਰ ਸਾਮਾਨ ਨੂੰ ਵੀ ਅੱਗ ਲਗਾ ਦਿੱਤੀ। ਪੁਲੀਸ ਨੇ ਇਸ ਸਬੰਧੀ ਜੁਮਾ, ਹਾਜੀ ਸ਼ਾਹ, ਲਾਲ ਦੀਨ, ਮੱਖਣ, ਸਫੀ ਸਣੇ ਕੁਲ ਦਸ ਵਿਅਕਤੀਆਂ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।