ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਤਲੁਜ ਅਤੇ ਬਿਆਸ ਦਰਿਆ ਵਿੱਚ ਸਨਅਤਾਂ ਦਾ ਜ਼ਹਿਰੀਲਾ ਪਾਣੀ ਸੁੱਟੇ ਜਾਣ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਸਤਲੁਜ ਅਤੇ ਮੱਤੇਵਾੜਾ ਜੰਗਲ ਦੇ ਲਾਗੇ ਸਨਅਤੀ ਪ੍ਰਾਜੈਕਟ ਦਾ ਵਿਰੋਧ ਕਰਦਿਆਂ ਕਿਹਾ ਕਿ ਜੇ ਇੱਥੇ ਫੈਕਟਰੀ ਲੱਗੀ ਤਾਂ ਸਤਲੁਜ ਦਾ ਕੁਦਰਤੀ ਫਲੱਡ ਜ਼ੋਨ ਤਬਾਹ ਹੋ ਜਾਵੇਗਾ ਕਿਉਂਕਿ ਲੋਕ ਦਰਿਆਵਾਂ ਵਿੱਚ ਸਨਅਤਾਂ ਦੇ ਜ਼ਹਿਰੀਲੇ ਅਤੇ ਤੇਜ਼ਾਬੀ ਪਾਣੀ ਸੁੱਟੇ ਜਾਣ ਤੋਂ ਦੁਖੀ ਹਨ।