ਪੱਤਰ ਪ੍ਰੇਰਕ
ਮਾਨਸਾ, 24 ਮਈ
ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਪੰਜਾਬ ਦੇ ਕੈਬਨਿਟ ਮੰਤਰੀ ਤੇ ਮਾਨਸਾ ਤੋਂ ‘ਆਪ’ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੇ ਮਾਮਲੇ ਨੂੰ ਹੁਣ ਇਸ ਜ਼ਿਲ੍ਹੇ ਦੇ ਲੋਕ ਜ਼ਿਮਨੀ ਚੋਣ ਨਾਲ ਜੋੜ ਕੇ ਦੇਖਣ ਲੱਗੇ ਹਨ। ਹਾਲਾਂਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਰਟੀ ਵੱਲੋਂ ਅਸਤੀਫ਼ਾ ਲੈਣ ਬਾਰੇ ਅਜੇ ਕੋਈ ਖ਼ੁਲਾਸਾ ਨਹੀਂ ਹੋਇਆ, ਪਰ ਮਾਨਸਾ ਦੇ ਲੋਕਾਂ ਨੂੰ ਲੰਬੇ ਸਮੇਂ ਬਾਅਦ ਮਿਲੀ ਵਜ਼ੀਰੀ ਦੇ ਖ਼ੁੱਸਣ ਦੇ ਚਰਚੇ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਮਾਨਸਾ ਦੇ 1992 ਵਿੱਚ ਬਠਿੰਡਾ ਨਾਲੋਂ ਅਲੱਗ ਹੋ ਕੇ ਜ਼ਿਲ੍ਹਾ ਬਣਨ ਤੋਂ ਬਾਅਦ ਡਾ. ਵਿਜੈ ਸਿੰਗਲਾ ਹੀ ਪਹਿਲੇ ਵਿਧਾਇਕ ਸਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ ਸੀ। ਇਸ ਤੋਂ ਪਹਿਲਾਂ ਮਰਹੂਮ ਕਿਰਪਾਲ ਸਿੰਘ ਮਾਖਾ (ਸਰਦੂਲਗੜ੍ਹ) ਅਤੇ ਮਰਹੂਮ ਸ਼ੇਰ ਸਿੰਘ ਗਾਗੋਵਾਲ (ਮਾਨਸਾ) ਹਰਚਰਨ ਸਿੰਘ ਬਰਾੜ ਅਤੇ ਰਾਜਿੰਦਰ ਕੌਰ ਭੱਠਲ ਦੀ ਵਜ਼ਾਰਤ ਵੇਲੇ ਥੋੜ੍ਹੇ-ਥੋੜ੍ਹੇ ਸਮੇਂ ਲਈ ਰਾਜ ਮੰਤਰੀ ਰਹੇ ਸਨ।
ਸੀਪੀਆਈ (ਐਮ.ਐਲ) ਲਬਿਰੇਸ਼ਨ ਦੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਨੇ ਆਖਿਆ ਕਿ ਜ਼ਿਲ੍ਹੇ ਨੂੰ ਬੜੇ ਅਰਸੇ ਬਾਅਦ ਪੰਜਾਬ ਵਜ਼ਾਰਤ ਵਿਚ ਪ੍ਰਤੀਨਿਧਤਾ ਮਿਲੀ ਸੀ ਪਰ ਅੱਜ ਦੇ ਕਾਂਡ ਕਾਰਨ ਲੋਕਾਂ ਦੇ ਪੱਲੇ ਗਹਿਰੀ ਨਮੋਸ਼ੀ ਪਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਹੋਰਨਾਂ ਪਾਰਟੀਆਂ ਤੋਂ ਲਏ ਆਗੂ ਦੁੱਧ ਧੋਤੇ ਨਹੀਂ ਹਨ।
ਮਾਨਸਾ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਲੋਕ ਲਹਿਰਾਂ ਨਾਲ ਜੁੜੇ ਹੋਏ ਇਸ ਜ਼ਿਲ੍ਹੇ ਦਾ ਡਾ. ਵਿਜੈ ਸਿੰਗਲਾ ਦੇ ਮਾਮਲੇ ’ਚ ਸਿਰ ਨੀਵਾਂ ਹੋਇਆ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਕਰਮ ਸਿੰਘ ਚੌਹਾਨ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਦੂਜੇ ਪਾਸੇ, ਉਨ੍ਹਾਂ ਮੁੱਖ ਮੰਤਰੀ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਵੀ ਕੀਤੀ ਹੈ।