ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਸਤੰਬਰ
ਸਾਬਕਾ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਸ਼੍ਰੋਮਣੀ ਅਕਾਲੀ ਦਲ ਪੱਲਾ ਫੜ ਕੇ ਮੁੜ ਸਿਆਸੀ ਖੇਤਰ ’ਚ ਨਿੱਤਰਨ ਸਕਦੇ ਹਨ। ਪਿਛਲੇ ਕਰੀਬ ਇੱਕ ਮਹੀਨੇ ਤੋਂ ਸਿਆਸੀ ਹਲਕਿਆਂ ’ਚ ਅਰਵਿੰਦ ਖੰਨਾ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਹੋਣ ਦੇ ਚਰਚੇ ਪੂਰੇ ਜ਼ੋਰਾਂ ’ਤੇ ਹਨ। ਅਰਵਿੰਦ ਖੰਨਾ ਨੇ ਚੋਣ ਮੈਦਾਨ ’ਚ ਮੁੜ ਕਿਸਮਤ ਅਜ਼ਮਾਉਣ ਲਈ ਤਿਆਰੀਆਂ ਆਰੰਭ ਦਿੱਤੀਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਰਵਿੰਦ ਖੰਨਾ ਨੇ ਜ਼ੀਰਕਪੁਰ ’ਚ ਸੰਗਰੂਰ ਹਲਕੇ ਨਾਲ ਸਬੰਧਤ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ, ਨਗਰ ਕੌਂਸਲਰਾਂ ਤੇ ਸਰਗਰਮ ਵਰਕਰਾਂ ਨਾਲ ਮੀਟਿੰਗ ਕੀਤੀ ਅਤੇ ਸਿਆਸੀ ਖੇਤਰ ’ਚ ਮੁੜ ਨਿੱਤਰਨ ਲਈ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਅਰਵਿੰਦ ਖੰਨਾ 20 ਸਤੰਬਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਸਕਦੇ ਹਨ ਜਿਸ ਤੋਂ ਬਾਅਦ ਹੀ ਉਹ ਸੰਗਰੂਰ ਪੁੱਜਣਗੇ। ਸੂਤਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਰਵਿੰਦ ਖੰਨਾ ਨੂੰ ਸੰਗਰੂਰ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਪਾਰਟੀ ਵੱਲੋਂ ਹਲਕਾ ਇੰਚਾਰਜ ਅਤੇ ਸਾਬਕਾ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਭੇਜਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਰਵਿੰਦ ਖੰਨਾ ਨੇ 1998 ’ਚ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ। ਉਹ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ ਸਨ ਤੇ ਸੰਗਰੂਰ ਵਿਧਾਨ ਸਭਾ ਹਲਕੇ ਤੋਂ 2002 ਵਿੱਚ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ ਸੀ। 2012 ਵਿਚ ਕਾਂਗਰਸ ਪਾਰਟੀ ਟਿਕਟ ’ਤੇ ਅਰਵਿੰਦ ਖੰਨਾ ਨੇ ਮੁੜ ਚੋਣ ਜਿੱਤੀ ਪਰ 2015 ਵਿਚ ਅਰਵਿੰਦ ਖੰਨਾ ਬਤੌਰ ਵਿਧਾਇਕ ਅਸਤੀਫ਼ਾ ਦੇ ਕੇ ਰਾਜਨੀਤੀ ਤੋਂ ਕਿਨਾਰਾ ਕਰ ਗਏ ਸਨ ਤੇ ਸੰਗਰੂਰ ਸਥਿਤ ਸਮਾਜ ਸੇਵੀ ਸੰਸਥਾ ‘ਉਮੀਦ ਫਾਊਂਡੇਸ਼ਨ’ ਵੀ ਬੰਦ ਕਰ ਦਿੱਤੀ ਸੀ।