ਜੋਗਿੰਦਰ ਸਿੰਘ ਮਾਨ
ਮਾਨਸਾ, 30 ਨਵੰਬਰ
ਅਗਾਮੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ’ਤੇ ਮਾਨਸਾ ਹਲਕੇ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (ਸ਼ੁੁਭਦੀਪ ਸਿੰਘ) ਦਾ ਨਾਂ ਸਾਹਮਣੇ ਆਉਣ ’ਤੇ ਨਵੀਂ ਚਰਚਾ ਛਿੜ ਗਈ ਹੈ, ਹਾਲਾਂਕਿ ਕਾਂਗਰਸ ਪਾਰਟੀ ਦੇ ਕਿਸੇ ਅਧਿਕਾਰਤ ਅਹੁਦੇਦਾਰ ਵੱਲੋਂ ਹਾਲੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਨੇੜਲੇ ਹਲਕਿਆਂ ’ਚੋਂ ਅੰਦਰਖਾਤੇ ਪ੍ਰਤੀਕਰਮ ਅਤੇ ਪਾਰਟੀ ਆਗੂਆਂ ਦੇ ਵਿਚਾਰ ਲਏ ਜਾ ਰਹੇ ਹਨ। ਸੰਪਰਕ ਕਰਨ ’ਤੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਪਾਰਟੀ ਦੇ ਫੈ਼ਸਲੇ ਬਾਰੇ ਸੋਚ-ਵਿਚਾਰ ਕਰੇਗਾ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਪਰਿਵਾਰ ਕਾਂਗਰਸ ਪਾਰਟੀ ਨਾਲ ਪਹਿਲਾਂ ਤੋਂ ਹੀ ਜੁੜਿਆ ਹੋਇਆ ਹੈ। ਉਸ ਦੀ ਮਾਤਾ ਵੀ ਕਾਂਗਰਸ ਪਾਰਟੀ ਵੱਲੋਂ ਪਿੰਡ ਦੀ ਸਰਪੰਚ ਹੈ। ਇਸੇ ਦੌਰਾਨ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਸੋਸ਼ਲ ਮੀਡੀਆ ’ਤੇ ਸਿੱਧੂ ਮੂਸੇਵਾਲੇ ਨੂੰ ਕਾਂਗਰਸੀ ਉਮੀਦਵਾਰ ਵਜੋਂ ਪ੍ਰਮੋਟ ਕੀਤੇ ਜਾਣ ਵੱਲ ਪਾਰਟੀ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿੱਧੂ ਮੂਸੇਵਾਲੇ ਨੇ ਹੁਣ ਤੱਕ ਗੁੰਡਾਗਰਦੀ ਅਤੇ ਹਥਿਆਰਾਂ ਦੀ ਨੁਮਾਇਸ਼ ਵਾਲੇ ਗੀਤ ਹੀ ਗਾਏ ਹਨ, ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਵੱਲ ਧੱਕ ਰਹੇ ਹਨ।
ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ ਸਿੱਧੂ ਮੂਸੇਵਾਲੇ ਖ਼ਿਲਾਫ਼ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ, ਆਪਣੇ ਗੀਤਾਂ ਵਿੱਚ ਹਥਿਆਰਾਂ ਦੀ ਵਰਤੋਂ ਕਰਨ ਆਦਿ ਦੇ ਦੋਸ਼ਾਂ ਹੇਠ ਕੇਸ ਵੀ ਦਰਜ ਹੋਏ ਹਨ।