ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 26 ਅਕਤੂਬਰ
ਭਾਈ ਵੀਰ ਸਿੰਘ ਨਿਵਾਸ ਅਸਥਾਨ ਤੇ ਸਾਹਿਤ ਅਕਾਦਮੀ ਦਿੱਲੀ ਵਲੋਂ ਕਰਵਾਏ ਗਏ ਦੋ ਦਿਨਾਂ ਨੌਜੁਆਨ ਲੇਖਕ ਸੰਮੇਲਨ ਦੇ ਆਖ਼ਰੀ ਦਿਨ ‘ਸਾਹਿਤ ਲਿਖਣਾ ਜਨੂੰਨ ਹੈ ਕਿ ਕਿੱਤਾ’ ਅਤੇ ਡਿਜੀਟਲ ਪਲੈਟਫਾਰਮ ’ਤੇ ਕਵਿਤਾ ਬਾਰੇ ਵਿਚਾਰ-ਚਰਚਾ ਹੋਈ। ਬੁਲਾਰਿਆਂ ਨੇ ਇਸ ਗੱਲ ’ਤੇ ਖੁਸ਼ੀ ਪ੍ਰਗਟਾਈ ਕਿ ਇਸ ਸੰਮੇਲਨ ਵਿੱਚ ਹੋਈ ਵਿਚਾਰ-ਚਰਚਾ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਪੇਸ਼ ਕਵਿਤਾਵਾਂ, ਕਹਾਣੀਆਂ ਨੇ ਦਰਸ਼ਕਾਂ ਨੂੰ ਅਨੰਦਤ ਕੀਤਾ। ਪੰਜਾਬੀ ਅਕਾਦਮੀ ਦੇ ਸਾਬਕਾ ਸਕੱਤਰ ਪ੍ਰੋਫੈਸਰ ਰਵੇਲ ਸਿੰਘ ਨੇ ਸਾਹਿਤ ਲਿਖਣਾ ਜਨੂੰਨ ਹੈ ਜਾਂ ਕਿੱਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਜਨੂੰਨ ਬਿਨਾਂ ਕੋਈ ਕਿੱਤੇ ਨਾਲ ਨਿਆਂ ਨਹੀਂ ਕਰ ਸਕਦਾ। ਬੰਗਾਲ ਦੀ ਲੇਖਿਕਾ ਸੰਯੁਕਤ ਦਾਸ ਗੁਪਤਾ ਨੇ ਨਾਰੀਵਾਦ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਤੀਕ ਸਮਾਜ ਨਾਰੀ ਨੂੰ ਸਤਿਕਾਰ ਨਹੀਂ ਦੇਵੇਗਾ, ਉਦੋਂ ਤੀਕ ਚੰਗੇ ਸਮਾਜ ਦੀ ਸਿਰਜਣਾ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਯੂਨੀਵਰਸਿਅੀ ਦੇ ਪ੍ਰੋਫੈਸਰ ਡਾ ਸਰਬਜੋਤ ਸਿੰਘ ਬਹਿਲ ਨੇ ਡਿਜੀਟਲ ਮੀਡੀਆ ਬਾਰੇ ਵਿਚਾਰ ਰੱਖੇ। ਭਾਈ ਵੀਰ ਸਿੰਘ ਨਿਵਾਸ ਸਥਾਨ ਦੀ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ ਨੇ ਸੰਮੇਲਨ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਧੰਨਵਾਦ ਕੀਤਾ। ਡਾ. ਦਲਜੀਤ ਸਿੰਘ ਨੇ (ਅੰਗਰੇਜੀ), ਨਿਖਿਲ ਅਨੰਦ ਗਿਰੀ (ਹਿੰਦੀ), ਮੋਇਦ ਰਸ਼ੀਦੀ (ਉਰਦੂ) ਨੇ ਸੋਸ਼ਲ ਮੀਡੀਆ ਕਵਿਤਾਵਾਂ ਲਈ ਵੱਡਾ ਪਲੈਟਫਾਰਮ ਵਿਸ਼ੇ ’ਤੇ ਆਪਣੇ ਵਿਚਾਰ ਰੱਖੇ। ਇਸ ਸੰਮੇਲਨ ਮੌਕੇ ਕਹਾਣੀਕਾਰ ਦੀਪ ਦਵਿੰਦਰ ਸਿੰਘ, ਰਾਜ ਖੁਸ਼ਵੰਤ ਸਿੰਘ ਸੰਧੂ, ਮਲਵਿੰਦਰ ਸਿੰਘ, ਡਾ. ਮੋਹਨ, ਸੰਧੂ ਗਗਨ, ਅਰਤਿੰਦਰ ਕੌਰ ਸੰਧੂ, ਡਾ. ਅਰਦੁਮਨ ਸਿੰਘ ਮਾਹਲ, ਡਾ. ਰੁਪਿੰਦਰ ਕੌਰ ਤੋਂ ਇਲਾਵਾ ਹੋਰ ਬਹੁਤ ਸਾਰੇ ਲੇਖਕ ਮੌਜੂਦ ਸਨ।