ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੁਲਾਈ
ਸਥਾਨਕ ਜੇਲ੍ਹ ਵਿੱਚ ਅੱਜ ਸਾਰਾ ਦਿਨ ਇਹ ਚਰਚਾ ਜ਼ੋਰਾਂ ’ਤੇ ਰਹੀ ਕਿ ਜੇਲ੍ਹ ਦੀ ਕੰਟੀਨ ਤੋਂ ਕਿਸੇ ਕੈਦੀ ਨੇ ਕਾਂਗਰਸ ਆਗੂ ਨਵਜੋਤ ਸਿੱਧੂ ਦੇ ਖਾਤੇ ਵਿੱਚੋਂ ਕੋਈ ਸਾਮਾਨ ਖਰੀਦ ਲਿਆ ਹੈ ਤੇ ਹੁਣ ਸਿੱਧੂ ਵੱਲੋਂ ਇਤਰਾਜ਼ ਜਤਾਉਣ ’ਤੇ ਜੇਲ੍ਹ ਪ੍ਰਸ਼ਾਸਨ ਨੇ ਉਕਤ ਕੈਦੀ ਨੂੰ ਹੋਰ ਬੈਰਕ ’ਚ ਬਦਲ ਦਿੱਤਾ ਹੈ। ਪਰ ਜੇਲ੍ਹ ਅਧਿਕਾਰੀਆਂ ਨੇ ਇਸ ਸਾਰੀ ਗੱਲ ਨੂੰ ਅਫਵਾਹ ਦੱਸਿਆ ਹੈ। ਨਵਜੋਤ ਸਿੱਧੂ ਦੇ ਵਕੀਲ ਐੱਚਪੀਐੱਸ ਵਰਮਾ ਦਾ ਕਹਿਣਾ ਹੈ ਕਿ ਇਸ ਮਸਲੇ ਨੂੰ ਤਰੋੜ ਮਰੋੜ ਕੇ ਖ਼ਬਰਾਂ ਪ੍ਰਕਾਸ਼ਿਤ ਤੇ ਪ੍ਰਸਾਰਿਤ ਕਰਨ ਵਾਲੀਆਂ ਧਿਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਚਰਚਾ ਇਹ ਵੀ ਸੀ ਕਿ ਸਾਮਾਨ ਖਰੀਦਣ ਵਾਲੇ ਕੈਦੀ ਦੀ ਪਹਿਲਾਂ ਸਖ਼ਤ ਝਾੜ-ਝੰਬ ਕੀਤੀ ਗਈ ਸੀ, ਪਰ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਇਸ ਚਰਚਾ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਦੀਆਂ ਦੀਆਂ ਬੈਰਕਾਂ ਬਦਲਣ ਦੀ ਕਾਰਵਾਈ ਅਕਸਰ ਚੱਲਦੀ ਰਹਿੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਸ਼ਿਕਾਇਤ ਕਰਕੇ ਕਿਸੇ ਵੀ ਕੈਦੀ ਦੀ ਬੈਰਕ ਤਬਦੀਲ ਨਹੀਂ ਕੀਤੀ ਗਈ ਹੈ।