ਦਵਿੰਦਰ ਪਾਲ
ਚੰਡੀਗੜ੍ਹ, 11 ਮਈ
ਪੰਜਾਬ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਬਾਗੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਵਿਚਾਲੇ ਸੂਬੇ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਦਲਿਤ ਤੇ ਪੱਛੜੇ ਵਰਗ ਦੇ ਵਿਧਾਇਕਾਂ ਦੀ ਹੋਈ ਮੀਟਿੰਗ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਹਾਲਾਂਕਿ ਕੈਪਟਨ ਸਰਕਾਰ ਵੱਲੋਂ ਪਾਰਟੀ ਅੰਦਰ ਉਠ ਰਹੀਆਂ ਬਾਗੀ ਸੁਰਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਸਮੇਤ ਕੁੱਲ 10 ਦੇ ਕਰੀਬ ਵਿਧਾਇਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਦੱਸੀ ਜਾਂਦੀ ਹੈ ਤੇ ਹੋਰਨਾਂ ਵਿਧਾਇਕਾਂ ਨੇ ਫੋਨ ’ਤੇ ਸਹਿਮਤੀ ਦਿੱਤੀ ਹੈ। ਮੀਟਿੰਗ ਵਿੱਚ ਸ਼ਾਮਲ ਇੱਕ ਕਾਂਗਰਸੀ ਵਿਧਾਇਕ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਪਾਰਟੀ ਦੇ ਅਨੁਸੂਚਿਤ ਜਾਤੀ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ 30 ਦੇ ਕਰੀਬ ਵਿਧਾਇਕਾਂ ਨੇ ਮੀਟਿੰਗ ਅਤੇ ਮੀਟਿੰਗ ’ਚ ਚੁੱਕੇ ਮੁੱਦਿਆਂ ਦਾ ਸਮਰਥਨ ਕੀਤਾ ਹੈ। ਇਸ ਮੀਟਿੰਗ ਦੌਰਾਨ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਇਸ ਮੀਟਿੰਗ ਦੌਰਾਨ ਦਲਿਤਾਂ ਅਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਮੁੱਦਿਆਂ ’ਤੇ ਹੀ ਵਿਚਾਰ ਚਰਚਾ ਹੋਈ। ਉਨ੍ਹਾਂ ਮੌਜੂਦਾ ਸਿਆਸੀ ਹਲਚਲ ਤੇ ਅੰਦਰੂਨੀ ਕਲੇਸ਼ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉੱਧਰ ਸੂਤਰਾਂ ਦਾ ਦੱਸਣਾ ਹੈ ਕਿ ਕਾਂਗਰਸ ਦੇ ਵਿਧਾਇਕ ਮੁੱਖ ਮੰਤਰੀ ਖ਼ਿਲਾਫ਼ ਖੁੱਲ੍ਹ ਕੇ ਬੋਲੇ ਤੇ ਕਿਹਾ ਕਿ ਦਲਿਤ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕਿਸੇ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੰਦੇ। ਇਸ ਮੀਟਿੰਗ ਨੂੰ ਮੁੱਖ ਮੰਤਰੀ ਖ਼ਿਲਾਫ਼ ਉਠੀ ਬਗਾਵਤ ਨਾਲ ਹੀ ਜੋੜਿਆ ਜਾ ਰਿਹਾ ਹੈ। ਚਰਨਜੀਤ ਸਿੰਘ ਚੰਨੀ ਨੇ 13 ਪੰਨਿਆਂ ਦੀ ਇੱਕ ਚਿੱਠੀ ਵੀ ਸ੍ਰੀਮਤੀ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਹੈ। ਇਸ ਚਿੱਠੀ ਰਾਹੀਂ ਇਹੀ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਵਸੋਂ ਦਾ ਵੱਡਾ ਹਿੱਸਾ ਹੈ ਪਰ ਇਸ ਭਾਈਚਾਰੇ ਨੂੰ ਸਿਆਸੀ ਤੇ ਪ੍ਰਸ਼ਾਸਕੀ ਤੌਰ ’ਤੇ ਪ੍ਰਮੁੱਖਤਾ ਤਾਂ ਦੂਰ ਦੀ ਗੱਲ ਬਰਾਬਰ ਦੀ ਨੁਮਾਇੰਦਗੀ ਵੀ ਨਹੀਂ ਮਿਲਦੀ। ਦਲਿਤ ਵਿਧਾਇਕਾਂ ਦਾ ਕਹਿਣਾ ਹੈ ਕਿ ਬੋਰਡਾਂ ਤੇ ਨਿਗਮਾਂ ਦੇ ਮੁਖੀਆਂ ਜਾਂ ਮੈਂਬਰਾਂ ਦੀ ਨਿਯੁਕਤੀ ਸਮੇਂ ਨਜ਼ਰਅੰਦਾਜ਼ ਕੀਤਾ ਜਾਂਦਾ ਤੇ ਅਹਿਮ ਸੰਸਥਾਵਾਂ ’ਚ ਤਾਂ ਦਲਿਤਾਂ ਜਾਂ ਪੱਛੜੇ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਨੇੜੇ ਵੀ ਨਹੀਂ ਢੁੱਕਣ ਦਿੱਤਾ ਜਾਂਦਾ। ਇਨ੍ਹਾਂ ਵਿਧਾਇਕਾਂ ਨੇ ਇਹ ਵੀ ਕਿਹਾ ਕਿ ਉੱਚ ਅਫਸਰੀ ਅਹੁਦਿਆਂ ਸਮੇਂ ਵੀ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਅਕਤੀਆਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਇੱਕ ਵਿਧਾਇਕ ਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਦਲਿਤ ਮੁੱਦਿਆਂ ’ਤੇ ਪਾਰਟੀ ਅੰਦਰ ਲਾਮਬੰਦੀ ਤੇਜ਼ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਅੱਜ ਦੀ ਮੀਟਿੰਗ ਕੈਬਨਿਟ ਮੰਤਰੀ ਅਰੁਣਾ ਚੌਧਰੀ, ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਹਰਜੋਤ ਕਮਲ, ਬਲਵਿੰਦਰ ਸਿੰਘ ਧਾਲੀਵਾਲ, ਸੰਤੋਸ਼ ਭਲਾਈਪੁਰ, ਬਲਵਿੰਦਰ ਲਾਡੀ, ਜੋਗਿੰਦਰ ਪਾਲ ਤੇ ਦੋ ਹੋਰ ਵਿਧਾਇਕ ਸ਼ਾਮਲ ਸਨ।
ਨਵਜੋਤ ਸਿੱਧੂ ਨੇ ਮੁੜ ਕੀਤਾ ਟਵੀਟ
ਨਵਜੋਤ ਸਿੰਘ ਸਿੱਧੂ ਨੇ ਅੱਜ ਮੁੜ ਟਵੀਟ ਕਰਕੇ ਕੋਟਕਪੂਰਾ ਗੋਲੀ ਕਾਂਡ ਦੇ ਮੁੱਦੇ ’ਤੇ ਇਨਸਾਫ ਨਾ ਦੇਣ ਦੇ ਮਾਮਲੇ ’ਚ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧਿਆ। ਨਵਜੋਤ ਸਿੰਘ ਸਿੱਧੂ ਨੇ ਬਾਦਲ ਰਾਜ ਵਿੱਚ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਉੱਪਰ ਢਾਹੇ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਉਨ੍ਹਾਂ ਨਾਲ ਕੀਤੀ ਇੱਕ ਮੁਲਾਕਾਤ ਦੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਨੂੰ ਮੁੜ ਇਹ ਚੇਤੇ ਕਰਾਉਣ ਲਈ ਪਾਇਆ ਗਿਆ ਹੈ ਕਿ ਬਾਦਲਾਂ ਦੇ ਰਾਜ ਵਿੱਚ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਅੱਜ ਤਕ ਇਨਸਾਫ ਕਿਉਂ ਨਹੀਂ ਮਿਲਿਆ।