ਪੱਤਰ ਪ੍ਰੇਰਕ
ਤਲਵਾੜਾ, 27 ਅਗਸਤ
ਇੱਥੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਹੁਕਮਾਂ ਤਹਿਤ ਸਥਾਨਕ ਬੀਬੀਐਮਬੀ ਹਸਪਤਾਲ ’ਚ ਅੰਗਹੀਣਾਂ ਦੇ ਸਰਟੀਫਿਕੇਟ ਬਣਾਉਣ ਲਈ ਲਗਾਇਆ ਇੱਕ ਰੋਜ਼ਾ ਕੈਂਪ ਬੰਦ ਇੰਤਜ਼ਾਮ ਦੀ ਭੇਟ ਚੜ੍ਹ ਗਿਆ। ਦਿਵਿਆਂਗਾ ਦੀ ਉਮੜੀ ਭੀੜ ਕਾਰਨ ਕੋਵਿਡ-19 ਹਦਾਇਤਾਂ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦਿੱਤੀਆਂ। ਹਸਪਤਾਲ ਅੰਦਰ ਪੱਖੇ, ਪਾਣੀ, ਬੈਠਣ ਆਦਿ ਦਾ ਸੀਮਤ ਪ੍ਰਬੰਧ ਸੀ, ਮਾਹਿਰ ਡਾਕਟਰਾਂ ਦੀ ਟੀਮ ਕੈਂਪ ਵਿੱਚ ਦੇਰੀ ਨਾਲ ਪਹੁੰਚੀ। ਜਿਸ ਕਾਰਨ ਸਰਟੀਫਿਕੇਟ ਬਣਾਉਣ ਆਏ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਕੈਂਪ ਵਿੱਚ ਪਿੰਡ ਚਮੂਹੀ ਤੋਂ ਆਪਣਾ ਅੰਗਹੀਣ ਦਾ ਸਰਟੀਫਿਕੇਟ ਬਣਾਉਣ ਪੁੱਜੇ ਰਘੁਵੀਰ ਸਿੰਘ ਨੇ ਦੱਸਿਆ ਕਿ ਬੀਬੀਐਮਬੀ ਹਸਪਤਾਲ ਦੇ ਓਪੀਡੀ ਬਲਾਕ ’ਚ ਰਜਿਸਟਰੇਸ਼ਨ ਕਰਵਾਉਣ ਲਈ ਕਈ ਲਾਈਨਾਂ ਲੱਗੀਆਂ ਹੋਈਆਂ ਸਨ, ਸਟਾਫ਼ ਦੀ ਘਾਟ ਵੱਡੇ ਪੱਧਰ ’ਤੇ ਰੜਕੀ। ਅੰਦਰ ਪੱਖੇ, ਪੀਣ ਵਾਲੇ ਪਾਣੀ ਤੇ ਬੈਠਣ ਦਾ ਢੁੱਕਵਾਂ ਪ੍ਰਬੰਧ ਨਹੀ ਸੀ। ਕੈਂਪ ’ਚ ਸਰਟੀਫਿਕੇਟ ਬਣਾਉਣ ਪਹੁੰਚੇ ਪਿੰਡ ਟੋਹਲੂ ਤੋਂ ਗਰੀਬ ਦਾਸ, ਸਾਂਡਪੁਰ ਤੋਂ ਅਸ਼ੋਕ ਕੁਮਾਰ, ਰੌਲ਼ੀ ਤੋਂ ਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਟੀਫਿਕੇਟ ਬਣਾਉਣ ਲਈ ਲੋੜੀਂਦੇ ਕਾਗਜ਼ ਪੱਤਰ ਲਿਆਉਣ ਲਈ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਨੀਮ ਪਹਾੜੀ ਪਿੰਡ ਪੱਲੀ ਤੋਂ ਆਪਣੇ ਮਾਨਸਿਕ ਰੋਗੀ ਪਿਤਾ ਉਂਕਾਰ ਸਿੰਘ ਦਾ ਸਰਟੀਫਿਕੇਟ ਬਣਾਉਣ ਲਈ ਕੈਂਪ ’ਚ ਪੁੱਜੀ ਪ੍ਰਿਅੰਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਥੇ ਆ ਕੇ ਪਤਾ ਚੱਲਿਆ ਕਿ ਮਾਨਸਿਕ ਤੇ ਮੈਡੀਸਿਨ ਨਾਲ ਸਬੰਧਤ ਦਿਵਿਆਂਗਾ ਦੇ ਸਰਟੀਫਿਕੇਟ ਨਹੀਂ ਬਣਾਏ ਜਾ ਰਹੇ। ਅੰਦਰ ਗਰਮੀ ਤੇ ਊਮਸ ਹੋਣ ਕਾਰਨ ਖੜ੍ਹੇ ਹੋਣਾ ਵੀ ਔਖਾ ਹੋ ਗਿਆ ਸੀ। ਬੀਬੀਐੱਮਬੀ ਹਸਪਤਾਲ ਦੀ ਪੀਐੱਮਓ ਡਾ. ਰਾਜਿੰਦਰ ਰਾਜ ਨੇ ਮੰਨਿਆ ਕਿ ਮਾਹਿਰ ਡਾਕਟਰਾਂ ਦੀ ਟੀਮ ਦੇ ਦੇਰੀ ਨਾਲ ਆਉਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਮਾਸਕ ਵੰਡੇ ਗਏ।
ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਦਸੂਹਾ ਵਿੱਚ ਅਚਾਨਕ ਇੱਕ ਐਕਸੀਡੈਂਟ ਦਾ ਕੇਸ ਆਉਣ ਕਾਰਨ ਡਾਕਟਰ ਦੇਰੀ ਨਾਲ ਪਹੁੰਚੇ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੁਪਹਿਰ ਤੱਕ 250 ਦੇ ਕਰੀਬ ਦਿਵਿਆਂਗਾ ਦੀ ਰਜਿਸਟਰੇਸ਼ਨ ਹੋ ਚੁੱਕੀ ਸੀ। ਜੋ ਇੱਕ ਦਿਨ ’ਚ ਬਹੁਤ ਜ਼ਿਆਦਾ ਹੈ।