ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਦਸੰਬਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਨੇ ਅੱਜ ਪੰਜਾਬ ਇੰਸਟੀਚਿਊਟ ਆਫ ਟੈਕਨਾਲੋਜੀ ਅਰਨੀਵਾਲਾ ਦੇ ਡਾਇਰੈਕਟਰ ਡਾ. ਅਸ਼ੀਸ਼ ਬਾਲਦੀ ਨੂੰ ਡਿਊਟੀ ਵਿੱਚ ਕੁਤਾਹੀ ਕਰਨ ਬਦਲੇ ਮੁਅੱਤਲ ਕਰ ਦਿੱਤਾ ਹੈ। ਗੁਪਤ ਸੂਚਨਾ ਮਿਲਣ ਮਗਰੋਂ ’ਵਰਸਿਟੀ ਨੇ ਅਰਨੀਵਾਲਾ ਕੈਂਪਸ ਵਿੱਚ ਤਿੰਨ ਮੈਂਬਰੀ ਟੀਮ ਭੇਜੀ ਸੀ। ਇਸ ਦੌਰਾਨ ਕੈਂਪਸ ਦੀ ਖਾਲੀ ਇਮਾਰਤ ਵਿੱਚ ਗ਼ੈਰਕਾਨੂੰਨੀ ਤੌਰ ’ਤੇ ਡੇਢ ਦਰਜਨ ਦੇ ਕਰੀਬ ਪਰਵਾਸੀ ਮਜ਼ਦੂਰ ਬੈਠੇ ਸਨ ਜਿਨ੍ਹਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਸਨ। ’ਵਰਸਿਟੀ ਪ੍ਰਬੰਧਕਾਂ ਨੇ ਰਿਪੋਰਟ ਦੇ ਆਧਾਰ ’ਤੇ ਇਸ ਇੰਸਟੀਚਿਊਟ ਦੇ ਡਾਇਰੈਕਟਰ ਨੂੰ ਮੁਅੱਤਲ ਕਰਨ ਮਗਰੋਂ ਮੌਜੂਦ ਸੁਰੱਖਿਆ ਕਾਮੇ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਉਸ ਮਗਰੋਂ ਕੈਂਪਸ ਦੀ ਇਮਾਰਤ ਖਾਲੀ ਕਰਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।