ਪਾਲ ਸਿੰਘ ਨੌਲੀ
ਜਲੰਧਰ,1 ਜੁਲਾਈ
ਕਰੋਨਾ ਦੇ ਕਾਰਨ ਝੋਨਾ ਲਗਾਉਣ ਲਈ ਲੇਬਰ ਦੀ ਆਈ ਘਾਟ ਕਰਨ ਬਹੁਤ ਸਾਰੇ ਕਿਸਾਨਾਂ ਨੇ ਪਹਿਲੀਵਾਰ ਵੱਡੇ ਪੱਧਰ ’ਤੇ ਝੋਨੇ ਦੀ ਸਿੱਧੀ ਬਿਜਾਈ ਵੀ ਕੀਤੀ ਹੈ। ਇਹ ਕਿਸਾਨ ਹੁਣ ਦੂਜਿਆਂ ਲਈ ਪ੍ਰੇਰਨਾ ਸਰੋਤ ਬਣ ਗਏ ਹਨ। ਝੋਨੇ ਦੀ ਸਿੱਧੀ ਬਿਜਾਈ ਦੇ ਸਭ ਤੋਂ ਵੱਡੇ ਫਾਇਦੇ ਬਾਰੇ ਇੰਨ੍ਹਾਂ ਕਿਸਾਨਾਂ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੀ ਬਹੁਤ ਜ਼ਿਆਦਾ ਬੱਚਤ ਹੋਈ ਹੈ ਤੇ ਫਸਲ ਪੱਕਣ ਤੱਕ ਵੀ ਝੋਨੇ ਨੂੰ ਪਾਣੀ ਘੱਟ ਹੀ ਲੱਗਣੇ ਹਨ।ਸਿੱਧੀ ਬਿਜਾਈ ਰਾਹੀ ਝੋਨੇ ਦਾ ਰਕਬਾ ਪਿਛਲੇ ਸਾਲ ਤਕਰੀਬਨ 1500 ਏਕੜ ਸੀ ਤੇ ਇਸ ਸਾਲ 38000 ਏਕੜ ਤੱਕ ਪੁੱਜ ਗਿਆ ਹੈ।
ਪਹਿਲੀ ਵਾਰ ਝੋਨੇ ਦੀ ਬੀਜ ਰਾਹੀ 17 ਏਕੜ ਰਕਬੇ ਵਿੱਚ ਬਿਜਾਈ ਕਰਨ ਉਪਰੰਤ ਭਵਿੱਖ ਵਿੱਚ ਝੋਨੇ ਦੇ ਸਾਰੇ 50 ਖੇਤ ਇਸੇ ਤਕਨੀਕ ਰਾਹੀਂ ਹੀ ਬੀਜਣ ਦਾ ਵਿਚਾਰ ਰੱਖਣ ਵਾਲੇ ਪਿੰਡ ਚਾਨੀਆਂ ਦੇ ਅਵਤਾਰ ਸਿੰਘ ਦੀ ਤਰ੍ਹਾਂ ਬਹੁਤ ਸਾਰੇ ਕਿਸਾਨਾ ਵੱਲੋਂ ਇਸ ਤਕਨੀਕ ਪ੍ਰਤੀ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਇਸੇ ਤਰ੍ਹਾਂ ਪਿੰਡ ਚਾਨੀਆਂ ਦੇ ਹੀ ਕਿਸਾਨ ਚਤਰ ਸਿੰਘ, ਹਰਜਿੰਦਰ ਸਿੰਘ,ਜਰਨੈਲ ਸਿੰਘ ਅਤੇ ਲਹਿੰਬਰ ਸਿੰਘ ਵੱਲੋਂ ਵੀ ਕਰਮਵਾਰ ਬੀਜੇ ਗਏ 20 ਏਕੜ ਸਿੱਧੇ ਬੀਜ ਰਾਹੀ ਝੋਨੇ ਦੀ ਖੇਤੀ ਕੀਤੀ ਗਈ ਅਤੇ ਇਨ੍ਹਾਂ ਕਿਸਾਨਾ ਵੱਲੋਂ ਵੀ ਇਸ ਤਕਨੀਕ ਦੀ ਕਾਮਯਾਬੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
ਸਟੇਟ ਐਵਾਰਡੀ ਸੰਪੂਰਨ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਕਨੀਕ ਰਾਹੀ ਝੋਨੇ ਦੀ ਖੇਤੀ ਪਿੰਡ ਵਿੱਚ ਭਾਵੇਂ ਕਿ ਤਕਰੀਬਨ 45 ਏਕੜ ਰਕਬੇ ’ਤੇ ਕੁੱਝ ਕੁ ਜ਼ਿਮੀਦਾਰਾਂ ਨੇ ਕੀਤੀ ਹੈ ਪਰ ਇਸ ਦੀ ਕਾਮਯਾਬੀ ਨੇ ਇਲਾਕੇ ਵਿੱਚ ਝੋਨੇ ਦੀ ਨਵੀ ਤਰ੍ਹਾਂ ਨਾਲ ਕਾਸ਼ਤ ਕਰਨ ਲਈ ਮੁੱਢ ਬੰਨ੍ਹ ਦਿੱਤਾ ਹੈ। ਪਿੰਡ ਚੱਕ ਪੀਰ ਪੁਰ ਦੇ ਕਿਸਾਨ ਬੂਟਾ ਸਿੰਘ ਨੇ ਵੀ ਇਸ ਤਕਨੀਕ ਰਾਹੀ ਬੀਜੇ ਗਏ 2 ਏਕੜ ਰਕਬੇ ਬਾਰੇ ਆਪਣੇ ਤਜਰਬੇ ਦੱਸੇ। ਉਸ ਨੇ ਕਿਹਾ ਕਿ ਪਹਿਲੋ ਪਹਿਲ ਕਿਸਾਨ ਨੂੰ ਸਿੱਧੇ ਬੀਜ ਰਾਹੀ ਬੀਜੇ ਝੋਨੇ ਨੂੰ ਵਾਹੁਣ ਨੂੰ ਦਿਲ ਕਰਦਾ ਸੀ ਪਰ ਥੋੜ੍ਹਾ ਜਿਹਾ ਸਬਰ ਕਰਨ ਅਤੇ ਸਮੇਂ ਸਿਰ ਨਦੀਨਨਾਸ਼ਕ ਦਵਾਈ ਦਾ ਸਪਰੇ ਕਰਨ ਉਪਰੰਤ ਅਜਿਹਾ ਝੋਨਾ ਦੂਜੇ ਪਨੀਰੀ ਰਾਹੀ ਬੀਜੇ ਝੋਨੇ ਤੋਂ ਵੀ ਵਧੀਆ ਲੱਗਣ ਲੱਗ ਪਿਆ ਹੈ। ਮੁੱਖ ਖੇਤੀਬਾੜੀ ਅਫਸਰ ਸੁਰਿੰਦਰ ਸਿੰਘ ਨੇ ਪਿੰਡ ਚਾਨੀਆ, ਬਜੂਹਾ ਅਤੇ ਚੱਕ ਪੀਰ ਪੁਰ ਦਾ ਦੌਰਾ ਕਰਦਿਆਂ ਇਨ੍ਹਾਂ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ।