ਮੁੱਖ ਅੰਸ਼
- 10 ਹਜ਼ਾਰ ਰੁਪਏ ਪ੍ਰਤੀ ਏਕੜ ਨਾਲ ਵੀ ਖਰਚੇ ਸਹਿਗਣਯੋਗ ਨਹੀਂ: ਬਲਬੀਰ ਰਾਜੇਵਾਲ
- ਸਿੱਧੀ ਬਿਜਾਈ ਲਈ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਈ
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੀ ਕੀਤੀ ਗਈ ਪੇਸ਼ਕਸ਼ ਨਕਾਰ ਦਿੱਤੀ ਹੈ। ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਵਿੱਚ ਹੋਈ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਸਿੱਧੀ ਬਿਜਾਈ ਲਈ ਘੱਟ ਤੋਂ ਘੱਟ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਐਲਾਨੇ 1500 ਰੁਪਏ ਨਾਲ ਤਾਂ ਕੀ 10 ਹਜ਼ਾਰ ਰੁਪਏ ਪ੍ਰਤੀ ਏਕੜ ਨਾਲ ਵੀ ਖਰਚੇ ਸਹਿਗਣਯੋਗ ਨਹੀਂ ਹਨ। ਝੋਨੇ ਦੀ ਬਿਜਾਈ ਦੌਰਾਨ ਲੇਬਰ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ ਖਰਚੇ ਆਉਂਦੇ ਹਨ। ਇਸੇ ਦੌਰਾਨ ਬੀਕੇਯੂ ਰਾਜੇਵਾਲ ਨੇ ਕਣਕ ਦਾ ਝਾੜ ਘਟਣ ’ਤੇ 15 ਹਜ਼ਾਰ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਮੰਗੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ, ਪੰਜਾਬ ਦੇ ਯੂਥ ਪ੍ਰਧਾਨ ਲਖਵਿੰਦਰ ਸਿੰਘ ਪੀਰਮੁਹੰਮਦ ਆਦਿ ਹਾਜ਼ਰ ਸਨ।
ਪਾਣੀ ਦੇ ਮੁੱਦੇ ’ਤੇ ਅੰਦੋਲਨ ਵਿੱਢਣ ਦੀ ਚਿਤਾਵਨੀ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਪਾਣੀ ਦੇ ਮੁੱਦੇ ’ਤੇ ਜੁਲਾਈ ਮਹੀਨੇ ਵੱਡਾ ਅੰਦੋਲਨ ਵਿੱਢਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਨਸਲਾਂ ਬਚਾਉਣ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਅੰਦੋਲਨ ਸ਼ੁਰੂ ਕਰਨ ਦੀ ਜ਼ਰੂਰਤ ਹੈ ਜਿਸ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ। ਉਨ੍ਹਾਂ ਨੇ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਦਿਆਂ ਸੁਖਵਿੰਦਰ ਸਿੰਘ ਭੱਟੀਆਂ ਨੂੰ ਪੰਜਾਬ ਦਾ ਮੀਤ ਪ੍ਰਧਾਨ ਅਤੇ ਰਾਜਿੰਦਰ ਸਿੰਘ ਕੋਟ ਪਨੈਚ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ।