ਮਹਿੰਦਰ ਸਿੰਘ ਰੱਤੀਆਂ
ਮੋਗਾ, 13 ਜੂਨ
ਪਰਵਾਸੀ ਮਜ਼ਦੂਰਾਂ ਕਾਰਨ ਵੱਡੇ ਪੱਧਰ ’ਤੇ ਮਹਿੰਗੀਆਂ ਮਸ਼ੀਨਾਂ ਖ਼ਰੀਦਣ ਮਗਰੋਂ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੀਆਂ ਉਮੀਦਾਂ ’ਤੇ ਮੀਂਹ ਨੇ ਪਾਣੀ ਫੇਰ ਦਿੱਤਾ ਹੈ। ਸੂਬੇ ਵਿੱਚ ਅੱਜ ਸਵੇਰੇ ਪਏ ਮੀਂਹ ਕਾਰਨ ਝੋਨੇ ਦੀ ਸਿੱਧੀ ਬਿਜਾਈ ਹੇਠਲਾ ਬਹੁਤਾ ਰਕਬਾ ਪਾਣੀ ਦੀ ਮਾਰ ਹੇਠ ਆਉਣ ਕਾਰਨ ਕਰੰਡਿਆ ਗਿਆ। ਖੇਤਾਂ ਵਿੱਚ ਜਿੱਥੇ ਕਿਤੇ ਥੋੜ੍ਹਾ-ਬਹੁਤ ਝੋਨਾ ਨਿਕਲਿਆ ਵੀ, ਉਹ ਚੂਹਿਆਂ ਨੇ ਖਰਾਬ ਕਰ ਦਿੱਤਾ ਹੈ।
ਝੋਨੇ ਦੀ ਸਿੱਧੀ ਬਿਜਾਈ ਪੁੱਠੀ ਪੈਣ ਕਾਰਨ ਖੇਤੀਬਾੜੀ ਵਿਭਾਗ ਵੀ ਆਪਣਾ ਸਿੱਧੀ ਬਿਜਾਈ ਵਾਲਾ ਟੀਚਾ ਪੂਰਾ ਕਰਨ ਤੋਂ ਖੁੰਝ ਗਿਆ ਹੈ। ਕਿਸਾਨ ਗੁਰਮੀਤ ਸਿੰਘ ਵਾਸੀ ਪਿੰਡ ਚੀਦਾ ਅਤੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਰੋਡੇ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਉਹ ਸਿੱਧੀ ਬਿਜਾਈ ਵਾਲਾ ਝੋਨਾ ਵਾਹ ਕੇ ਹੁਣ ਕੱਦੂ ਕਰਨ ਮਗਰੋਂ ਨਵੇਂ ਸਿਰਿਓਂ ਝੋਨਾ ਲਾਉਣ ਲਈ ਮਜਬੂਰ ਹਨ। ਕਿਸਾਨਾਂ ਨੇ ਪਨੀਰੀ ਦਾ ਬਦਲਵਾਂ ਪ੍ਰਬੰਧ ਕੀਤਾ ਹੋਇਆ ਸੀ। ਬੇਸ਼ੱਕ ਦੁਬਾਰਾ ਝੋਨਾ ਲਾਉਣ ਕਾਰਨ ਖਰਚਾ ਵਧੇਗਾ ਪਰ ਕਿਸਾਨ ਸਿੱਧੀ ਬਿਜਾਈ ਵਿੱਚ ਯਕੀਨ ਕਰਨ ਤੋਂ ਕੰਨ੍ਹੀ ਕਤਰਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਅਤੇ ਖੇਤੀ ਮਾਹਿਰ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਤਰ੍ਹਾਂ ਸਿੱਧੀ ਬਿਜਾਈ ਹੇਠ ਰਕਬੇ ਦਾ ਘਟਣਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੁਝ ਕਿਸਾਨਾਂ ਦੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਫ਼ਸਲ ਭਾਰੀ ਮੀਂਹ ਕਾਰਨ ਕਰੰਡੀ ਗਈ। ਉਨ੍ਹਾਂ ਕਿਸਾਨਾਂ ਨੂੰ ਖੇਤਾਂ ਵਿੱਚੋਂ ਪਾਣੀ ਕੱਢ ਕੇ ਮਿੱਟੀ ਦੀ ਪੇਪੜੀ ਹੇਠ ਦੱਬੇ ਝੋਨੇ ਦੇ ਬੂਟਿਆਂ ਦੀ ਕਰੰਡ ਭੰਨਣ ਦੀ ਅਪੀਲ ਕੀਤੀ।