ਚਰਨਜੀਤ ਭੁੱਲਰ
ਚੰਡੀਗੜ੍ਹ, 11 ਮਾਰਚ
ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਨੇ ਜਿਣਸਾਂ ਦੀ ਸਿੱਧੀ ਅਦਾਇਗੀ ਦੇ ਮਾਮਲੇ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮਿਲਣ ਲਈ ਸਮਾਂ ਮੰਗਿਆ ਹੈ। ਪੰਜਾਬ ’ਚ ਜਿਣਸਾਂ ਦੀ ਅਦਾਇਗੀ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ ਅਤੇ ਕਿਸਾਨ ਤੇ ਆੜ੍ਹਤੀਏ ਇਸ ਨੂੰ ਲੈ ਕੇ ਖਫ਼ਾ ਵੀ ਹਨ। ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੋ ਦਿਨ ਪਹਿਲਾਂ ਕੇਂਦਰੀ ਅਮਿਤ ਸ਼ਾਹ ਤੋਂ ਸਿੱਧੀ ਅਦਾਇਗੀ ਦਾ ਮਸਲਾ ਹੱਲ ਕਰਨ ਵਾਸਤੇ ਸਮਾਂ ਮੰਗਿਆ ਹੈ ਪਰ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਹੋਣ ਕਰਕੇ ਅਮਿਤ ਸ਼ਾਹ ਦੇ ਦਫਤਰ ਨੇ ਕੋਈ ਹੁੰਗਾਰਾ ਨਹੀਂ ਭਰਿਆ।
ਖੁਰਾਕ ਤੇ ਸਪਲਾਈ ਵਿਭਾਗ ਨੇ 8 ਮਾਰਚ ਨੂੰ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਜਾਬ ਵਿਚ ਜਿਣਸਾਂ ਦੀ ਅਦਾਇਗੀ ਲਈ ‘ਹਰਿਆਣਾ ਮਾਡਲ’ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇ। ਪੰਜਾਬ ’ਚ ਪਹਿਲੀ ਅਪਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਣੀ ਹੈ ਅਤੇ ਖਰੀਦ ਤੋਂ ਐਨ ਪਹਿਲਾਂ ਭਾਰਤੀ ਖੁਰਾਕ ਨਿਗਮ ਨੇ ਪੱਤਰ ਜਾਰੀ ਕਰਕੇ ਆਖ ਦਿੱਤਾ ਹੈ ਕਿ ਕਿਸਾਨਾਂ ਦੀ ਮਲਕੀਅਤ ਦਾ ਰਿਕਾਰਡ ਅੱਪਲੋਡ ਕੀਤਾ ਜਾਵੇ। ਬਠਿੰਡਾ ਦੇ ਪਿੰਡ ਮਹਿਰਾਜ ਦੇ ਕਿਸਾਨ ਰਾਜਾ ਮਹਿਰਾਜ ਨੇ ਕਿਹਾ ਕਿ ਨਵਾਂ ਸਿਸਟਮ ਕਿਸਾਨਾਂ ਲਈ ਮੁਸ਼ਕਲ ਪੈਦਾ ਕਰੇਗਾ ਕਿਉਂਕਿ ਜ਼ਮੀਨਾਂ ਦੀ ਮਾਲਕੀ ਹਾਲੇ ਵੀ ਰਿਕਾਰਡ ’ਚ ਪਿਉ-ਦਾਦਿਆਂ ਦੇ ਨਾਂ ਬੋਲਦੀ ਹੈ।
ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਭਾਰਤੀ ਖੁਰਾਕ ਨਿਗਮ ਦੇ ਪੱਤਰ ਨੂੰ ਲਾਗੂ ਕਰਾਉਣ ਲਈ ਜ਼ਮੀਨ ਦੀਆਂ ਫਰਦਾਂ ਦਾ ਰਿਕਾਰਡ ਅੱਪਲੋਡ ਕਰਨ ਦੀ ਹਦਾਇਤ ਕਰ ਦਿੱਤੀ ਸੀ ਪ੍ਰੰਤੂ ਮਗਰੋਂ ਪੰਜਾਬ ਸਰਕਾਰ ਨੇ ਪੈਰ ਪਿਛਾਂਹ ਖਿੱਚ ਲਏ। ਦੂਜੇ ਪਾਸੇ ਪੰਜਾਬ ਦੇ ਆੜ੍ਹਤੀਏ ਇਸ ਕਦਮ ਤੋਂ ਖਫ਼ਾ ਹੋ ਸਕਦੇ ਹਨ ਤੇ ਉਨ੍ਹਾਂ ਹੜਤਾਲ ’ਤੇ ਚਲੇ ਜਾਣ ਦੀ ਚਿਤਾਵਨੀ ਵੀ ਦੇ ਦਿੱਤੀ ਹੈ।
‘ਪੰਜਾਬ ਪ੍ਰਤੀ ਕੇਂਦਰ ਸੰਜੀਦਾ ਨਹੀਂ’
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਉਨ੍ਹਾਂ ਰਹਿ ਮੰਤਰੀ ਅਮਿਤ ਸ਼ਾਹ ਤੋਂ ਮਿਲਣ ਲਈ ਸਮਾਂ ਮੰਗਿਆ ਹੈ ਕਿਉਂਕਿ ਪਿਛਲੀ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਜਿਣਸਾਂ ਦੀ ਸਿੱਧੀ ਅਦਾਇਗੀ ਦੇ ਮਾਮਲੇ ਵਿੱਚ ‘ਹਰਿਆਣਾ ਮਾਡਲ’ ਪੰਜਾਬ ਵਿਚ ਲਾਗੂ ਕਰਨ ਦੀ ਹਾਮੀ ਭਰੀ ਸੀ ਪਰ ਉਸ ’ਤੇ ਅਮਲ ਨਹੀਂ ਹੋਇਆ। ਉਨ੍ਹਾਂ ਨੇ ਇਸ ਬਾਰੇ ਪੱਤਰ ਵੀ ਲਿਖਿਆ ਹੈ ਕਿ ਹਰਿਆਣਾ ਦੀ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਵੀ ਬਦਲ ਦਿੱਤਾ ਜਾਵੇ ਕਿ ਉਹ ਅਦਾਇਗੀ ਆੜ੍ਹਤੀਆਂ ਰਾਹੀਂ ਲੈ ਲੈਣ ਭਾਵੇਂ ਚਾਹੇ ਸਿੱਧੀ ਲੈ ਲੈਣ। ਉਨ੍ਹਾਂ ਕਿਹਾ ਕਿ ਕੇਂਦਰ ਪੰਜਾਬ ਪ੍ਰਤੀ ਸੰਜੀਦਗੀ ਨਹੀਂ ਦਿਖਾ ਰਿਹਾ ਹੈ।