ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਸਤੰਬਰ
ਇਥੋਂ ਦਾ ਸਰਕਾਰੀ ਰਾਜਿੰਦਰਾ ਹਸਪਤਾਲ ਇਲਾਕੇ ਦਾ ਇੱਕੋ-ਇੱਕ ਅਜਿਹਾ ਸਰਕਾਰੀ ਹਸਪਤਾਲ ਹੈ, ਜਿੱਥੇ ਕੋਵਿਡ ਆਈਸੀਯੂ ’ਚ ਗੁਰਦਾ ਰੋਗ ਤੋਂ ਪੀੜਤ ਮਰੀਜ਼ਾਂ ਦਾ ਡਾਇਲੇਸਿਸ ਕਰਨ ਦੀ ਸਹੂਲਤ ਹੈ। ਇਥੇ ਹੁਣ ਤੱਕ 46 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਡਾਇਲੇਸਿਸ ਕੀਤੇ ਜਾ ਚੁੱਕੇ ਹਨ।
ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਮੁਤਾਬਕ ਗੁਰਦਾ ਰੋਗ ਤੋਂ ਪੀੜਤ ਮਰੀਜ਼, ਜਿਨ੍ਹਾਂ ਦਾ ਡਾਇਲੇਸਿਸ ਵੀ ਹੁੰਦਾ ਹੋਵੇ, ਲਈ ਕਰੋਨਾ ਹੋਰ ਵੀ ਜ਼ਿਆਦਾ ਦਿੱਕਤਾਂ ਪੈਦਾ ਕਰਦਾ ਹੈ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਅਜਿਹੇ ਮਰੀਜ਼ਾਂ ਦਾ ਰਾਜਿੰਦਰਾ ਹਸਪਤਾਲ ਦੇ ਕੋਵਿਡ ਆਈਸੀਯੂ ’ਚ ਸਥਾਪਤ ਡਾਇਲੇਸਿਸ ਮਸ਼ੀਨ ਤੇ ਹੋਰ ਉਪਕਰਨਾਂ ਰਾਹੀਂ ਡਾਇਲੇਸਿਸ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਮਿਸ਼ਨ ਫ਼ਤਹਿ ਤਹਿਤ ਕੋਵਿਡ ਮਰੀਜ਼ਾਂ ਨੂੰ ਸਿਹਤਯਾਬ ਕਰਨ ਲਈ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਟੀਮਾਂ ਦੇ ਇੰਚਾਰਜ, ਡਾਕਟਰ, ਪੈਰਾ ਮੈਡੀਕਲ ਅਮਲਾ ਤੇ ਸਿਹਤ ਮੁਲਾਜ਼ਮ ਹਰ ਵੇਲੇ ਮਰੀਜ਼ਾਂ ਦੀ ਸੇਵਾ ’ਚ ਤਤਪਰ ਹਨ। ਹੁਣ ਤੱਕ ਇਥੇ ਦਾਖਲ ਹੋਏ 24 ਕਰੋਨਾ ਪਾਜ਼ੇਟਿਵ ਮਰੀਜ਼ਾਂ ਦੇ 46 ਡਾਇਲੇਸਿਸ ਕੀਤੇ ਜਾ ਚੁੱਕੇ ਹਨ। ਮੌਜੂਦਾ ਸਮੇਂ ਵੀ ਇੱਥੇ ਅਜਿਹੇ 10 ਮਰੀਜ਼ ਦਾਖਲ ਹਨ। ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦੱਸਿਆ ਕਿ ਡਾ. ਸਚਿਨ ਕੌਸ਼ਲ ਵੱਲੋਂ ਆਪਣੀ ਟੀਮ ਨਾਲ ਡਾਇਲੇਸਿਸ ਵਾਲੇ ਮਰੀਜ਼ਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ ਗੰਭੀਰ ਹਾਲਤ ’ਚ ਹੀ ਆਉਂਦੇ ਹਨ, ਜਿੱਥੇ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਤੁਰੰਤ ਸੰਭਾਲ ਲਿਆ ਜਾਂਦਾ ਹੈ।