ਬੀ.ਐਸ.ਚਾਨਾ
ਸ੍ਰੀ ਆਨੰਦਪੁਰ ਸਾਹਿਬ, 9 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸਰਪ੍ਰਸਤ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਰ.ਐਸ.ਐਸ. ਨੂੰ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਬਿਹਤਰ ਦੱਸਣ ਨਾਲ ਉਨ੍ਹਾਂ ਦੀ ਮਨਸ਼ਾ ਸਪਸ਼ਟ ਹੋ ਗਈ ਹੈ। ਉਨ੍ਹਾਂ ਢੀਂਡਸਾ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਹ ਸੰਸਥਾ ਸਿੱਖ ਕੌਮ ਦੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ’ਚ ਆਈ ਸੀ ਪਰ ਹੁਣ ਤੱਕ ਸ਼੍ਰੋਮਣੀ ਕਮੇਟੀ ਦੇ ਕੰਮਾਂ ਦੇ ਸੋਹਲੇ ਗਾਉਣ ਵਾਲੇ ਢੀਂਡਸਾ ਵੱਲੋਂ ਅੱਜ ਆਰ.ਐਸ.ਐਸ ਨੂੰ ਸ਼੍ਰੋਮਣੀ ਕਮੇਟੀ ਨਾਲੋਂ ਬਿਹਤਰ ਦੱਸਣਾ ਮੰਦਭਾਗਾ ਹੈ। ਉਨ੍ਹਾਂ ਢੀਂਡਸਾ ਨੂੰ ਸਵਾਲ ਕੀਤਾ ਕਿ ਜੇ ਸ਼੍ਰੋਮਣੀ ਕਮੇਟੀ ਨਾਲੋਂ ਆਰ.ਐਸ.ਐਸ. ਹੀ ਚੰਗੀ ਹੈ ਤਾਂ ਉਹ ਆਏ ਦਿਨ ਸ਼੍ਰੋਮਣੀ ਕਮੇਟੀ ਚੋਣਾਂ ਬਾਰੇ ਬਿਆਨ ਕਿਉਂ ਦੇ ਰਹੇ ਹਨ। ਇਕ ਪਾਸੇ ਤਾਂ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੀਆਂ ਤਿਆਰੀਆਂ ਕਰ ਰਹੇ ਹਨ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਨੂੰ ਆਰ.ਐਸ.ਐਸ. ਤੋਂ ਨੀਵਾਂ ਵਿਖਾ ਕੇ ਅਖਬਾਰੀ ਸੁਰਖੀਆਂ ’ਚ ਆ ਰਹੇ ਹਨ।
ਭਾਈ ਲੌਂਗੋਵਾਲ ਨੇ ਕਿਹਾ ਕਿ ਇਹ ਤਾਂ ਆਮ ਚਰਚਾ ਹੀ ਸੀ ਕਿ ਢੀਂਡਸਾ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕਿਸੇ ਦੇ ਇਸ਼ਾਰਿਆਂ ’ਤੇ ਹੀ ਕਰ ਰਹੇ ਹਨ ਤੇ ਅੱਜ ਉਨ੍ਹਾਂ ਦੇ ਬਿਆਨ ਨੇ ਸਾਰੇ ਸ਼ੰਕਿਆਂ ਨੂੰ ਦੂਰ ਕਰ ਦਿੱਤਾ ਹੈ। ਉਨ੍ਹਾਂ ਢੀਂਡਸਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਲੋੜ ਪੈਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਹੋਰ ਅਹੁਦੇਦਾਰ ਆਪਣੀ ਭੂਮਿਕਾ ਹੀ ਅਦਾ ਨਹੀਂ ਕਰਦੇ ਬਲਕਿ ਜ਼ਿਕਰਯੋਗ ਢੰਗ ਨਾਲ ਦਬਾਅ ਬਣਾ ਕੇ ਜਾਇਜ਼ ਗੱਲ ਵੀ ਮਨਵਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਐੱਸਜੀਪੀਸੀ ਦੀ ਤੁਲਨਾ ਆਰਐੱਸਐੱਸ ਨਾਲ ਨਹੀਂ ਕੀਤੀ: ਢੀਂਡਸਾ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸਰਪ੍ਰਸਤ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਂਡਸਾ ਨੇ ਐਸਜੀਪੀਸੀ ਦੀ ਤੁਲਨਾ ਆਰਐਸਐਸ ਨਾਲ ਕੀਤੇ ਜਾਣ ਦਾ ਖੰਡਨ ਕਰਦਿਆਂ ਦੱਸਿਆ ਕਿ ਉਸ ਨੇ ਅਜਿਹੇ ਸ਼ਬਦ ਨਹੀਂ ਕਹੇ। ਊਨ੍ਹਾਂ ਦੱਸਿਆ ਕਿ ਐਸਜੀਪੀਸੀ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਈ ਹੈ ਪਰ ਅਜੋਕੇ ਦੌਰ ਵਿੱਚ ਇਸ ਸੰਸਥਾ ਦੇ ਪ੍ਰਬੰਧਕਾਂ ਦੀਆਂ ਖਾਮੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਐਸਜੀਪੀਸੀ ਪ੍ਰਬੰਧਕਾਂ ਦੇ ਅਵੇਸਲੇ ਹੋਣ ਨਾਲ ਸਿੱਖੀ ਵਿੱਚ ਨਿਘਾਰ ਆਇਆ ਹੈ। ਉਨ੍ਹਾਂ ਦੱਸਿਆ ਕਿ 267 ਸਰੂਪਾਂ ਦੀ ਬੇਅਦਬੀ ਦੇ ਅਫ਼ਸੋਸ ਵਜੋਂ ਅਖੰਡ ਪਾਠ ਦੇ ਭੋਗ 17 ਅਗਸਤ ਨੂੰ ਗੁਰਦੁਆਰਾ ਪਿਪਲੀ ਸਾਹਿਬ ਕਾਹਨੂੰਵਾਨ ਛੰਭ ’ਚ ਪਾਏ ਜਾ ਰਹੇ ਹਨ।