ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੀ ਸੀਨੀਅਰ ਆਗੂ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਹਰਜੀਤ ਕੌਰ ਤਲਵੰਡੀ, ਅਨੂਪਇੰਦਰ ਕੌਰ ਸੰਧੂ, ਸੁਨੀਤਾ ਸ਼ਰਮਾ, ਅਰਵਿੰਦਰ ਕੌਰ ਗਰੇਵਾਲ, ਇੰਦਰਜੀਤ ਕੌਰ ਪੰਧੇਰ ਅਤੇ ਗੁਰਮਿੰਦਰਪਾਲ ਕੌਰ ਢਿੱਲੋਂ ਨੇ ਦੋਸ਼ ਲਾਇਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦਾ ਅਪਰਾਧੀਕਰਨ ਕਰ ਕੇ ਅਤੇ ਮਾਫੀਆ ਨੂੰ ਸ਼ਹਿ ਦੇ ਕੇ ਅਜਿਹਾ ਸਿਆਸੀ ਮਾਹੌਲ ਪੈਦਾ ਕੀਤਾ ਹੈ, ਜਿਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਸੁਖਬੀਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਉਸ ਦੀ ਪਾਰਟੀ ਗੁਨਾਹਾਂ ਦੀ ਧਿਰ ਬਣ ਚੁੱਕੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਕੌਰ ਬਾਦਲ ਨੇ ਇਸਤਰੀ ਅਕਾਲੀ ਦਲ ’ਚ ਅਜਿਹਾ ਸੱਭਿਆਚਾਰ ਬਣਾ ਦਿੱਤਾ, ਜਿਸ ਨੇ ਜਥੇਬੰਦੀ ਅਤੇ ਔਰਤ ਦੇ ਸਨਮਾਨ ਨੂੰ ਸੱਟ ਮਾਰੀ ਹੈ।