ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਅਪਰੈਲ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬਾਦਲ ਪਰਿਵਾਰ ਨੂੰ ਸਹਾਲ ਦਿੱਤੀ ਹੈ ਕਿ ਉਹ ਪੰਥ ਤੇ ਪੰਜਾਬ ਦੀ ਭਲਾਈ ਲਈ ਸਿਆਸਤ ਤੋਂ ਲਾਂਭੇ ਹੋ ਜਾਣ।
ਸ੍ਰੀ ਢੀਂਡਸਾ ਨੇ ਕਿਹਾ ਕਿ ਸਿੱਖ ਕੌਮ ’ਚ ਆਏ ਨਿਘਾਰ ਅਤੇ ਲੋਕਾਂ ਵਿੱਚ ਅਕਾਲੀ ਦਲ ਦੇ ਘਟੇ ਆਧਾਰ ਲਈ ਸਿਰਫ਼ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪੰਥ ਅਤੇ ਪੰਜਾਬ ਨੇ ਬਾਦਲ ਪਰਿਵਾਰ ਖਾਸ ਕਰ ਕੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਸੀ, ਪਰ ਅਫ਼ਸੋਸ ਦੀ ਗੱਲ ਹੈ ਕਿ ਸੱਤਾ ਦੇ ਨਸ਼ੇ ਵਿੱਚ ਇਹ ਪਰਿਵਾਰ ਲੋਕਾਂ ਦੀਆਂ ਆਸਾਂ ’ਤੇ ਖਰਾ ਨਹੀਂ ਉਤਰ ਸਕਿਆ। ਸ੍ਰੀ ਢੀਂਡਸਾ ਨੇ ਕਿਹਾ ਕਿ ਲੰਘੀਆਂ ਚੋਣਾਂ ਦੌਰਾਨ ਬਾਦਲਾਂ ਦੀ ਅਗਵਾਈ ਨੂੰ ਪੰਜਾਬੀਆਂ ਅਤੇ ਸਿੱਖਾਂ ਨੇ ਮੁੱਢੋਂ ਨਕਾਰ ਦਿੱਤਾ ਹੈ, ਇਸ ਲਈ ਹੁਣ ਬਾਦਲ ਪਰਿਵਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿਆਸਤ ਵਿੱਚ ਉਨ੍ਹਾਂ ਦਾ ਦੌਰ ਖਤਮ ਹੋ ਚੁੱਕਿਆ ਹੈ।
ਸ੍ਰੀ ਢੀਂਡਸਾ ਨੇ ਇਸ ਮੌਕੇ ਸਮੁਚੇ ਸਿੱਖ ਪੰਥ ਨੂੰ ਕੌਮ ਤੇ ਸਮਾਜ ਦੀ ਬਿਹਤਰੀ ਲਈ ਇਕਜੁੱਟ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਇਸ ਮਹਾਨ ਜਥੇਬੰਦੀ ਨੂੰ ਮਜ਼ਬੂਤੀ ਬਖਸ਼ਣ ਵਿੱਚ ਮਦਦ ਕਰਨ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਅਪੀਲ ਕੀਤੀ ਕਿ ਉਹ ਕੌਮ ਦੇ ਬਿਹਤਰੀ ਲਈ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਣ।