ਦਵਿੰਦਰ ਪਾਲ
ਚੰਡੀਗੜ੍ਹ, 30 ਜੁਲਾਈ
ਸ਼੍ਰੋਮਣੀ ਅਕਾਲੀ ਦਲ (ਡ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਿਆਸੀ ਵਿਰੋਧੀ ਸੁਖਬੀਰ ਸਿੰਘ ਬਾਦਲ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦੇ ਦੋਸ਼ ਲਾਏ ਹਨ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਢੀਂਡਸਾ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਅਕਾਲੀ ਨੇਤਾ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇਕ ਬਿਆਨ ਨੂੰ ਆਧਾਰ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਫ਼ਰਜ਼ੀ ਖ਼ਬਰ ਵੀ ਸਿਆਸੀ ਸਾਜ਼ਿਸ਼ ਦਾ ਹਿੱਸਾ ਹੈ। ਇਸੇ ਤਰ੍ਹਾਂ ਉਨ੍ਹਾਂ (ਢੀਂਡਸਾ) ਅਤੇ ਚੰਦੂਮਾਜਰਾ ਸਬੰਧੀ ਫੈਲਾਈਆਂ ਗਈਆਂ ਖ਼ਬਰਾਂ ਵੀ ਅਜਿਹੇ ਸ਼ਰਾਰਤੀ ਦਿਮਾਗ ਦੀ ਹੀ ਕਾਢ ਸਨ। ਉਨ੍ਹਾਂ ਕਿਹਾ ਕਿ ਸੀਨੀਅਰ ਅਕਾਲੀ ਨੇਤਾਵਾਂ ਦੇ ਅਕਸ ਨੂੰ ਖ਼ਰਾਬ ਕਰਨਾ ਸੁਖਬੀਰ ਸਿੰਘ ਬਾਦਲ ਦੀ ਰਣਨੀਤੀ ਦਾ ਹਿੱਸਾ ਰਿਹਾ ਹੈ।
ਸ੍ਰੀ ਢੀਂਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਜਦੋਂ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਦਿਖਾਈ ਦੇਣ ਲੱਗੀ ਹੈ ਤਾਂ ਸੀਨੀਅਰ ਅਕਾਲੀ ਆਗੂਆਂ ਦਰਮਿਆਨ ਫੁੱਟ ਪਾਉਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਆਪਣੇ ਹੀ ਸਾਥੀਆਂ ਦਾ ਮਾਣ-ਸਤਿਕਾਰ ਘਟਾਉਣ ਵਾਲੀ ਰਣਨੀਤੀ ਅਪਣਾ ਕੇ ਆਪਣੇ ਪੈਰਾਂ ’ਤੇ ਕੁਹਾੜਾ ਮਾਰ ਰਹੇੇ ਹਨ ਤੇ ਉਹ ਦਿਨ ਦੂਰ ਨਹੀਂ, ਜਦੋਂ ਬਾਦਲ ਅਲੱਗ ਥਲੱਗ ਪੈ ਜਾਣਗੇ। ਉਨ੍ਹਾਂ ਕਿਹਾ ਕਿ ਛੋਟੇ ਬਾਦਲ ਨੇ ਉਨ੍ਹਾਂ ਅਤੇ ਚੰਦੂਮਾਜਰਾ ਦਰਮਿਆਨ ਤਣਾਅ ਪੈਦਾ ਕਰਨ ਦਾ ਯਤਨ ਕੀਤਾ ਹੈ ਪਰ ਅਕਾਲੀ ਦਲ ਦੇ ਪ੍ਰਧਾਨ ਨੂੰ ਇਨ੍ਹਾਂ ਯਤਨਾਂ ’ਚ ਕਾਮਯਾਬੀ ਨਹੀਂ ਮਿਲੇਗੀ ਕਿਉਂਕਿ ਉਹ ਹੁਣ ਸਿੱਖ ਪੰਥ ਅਤੇ ਆਪਣੀ ਹੀ ਪਾਰਟੀ ਅੰਦਰ ਬੇਪਰਦ ਹੋ ਚੁੱਕੇ ਹਨ।
ਸੁਖਦੇਵ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਸੁਖਬੀਰ ਸਿੰਘ ਬਾਦਲ ਹਲਕੇ ਪੱਧਰ ਦੀ ਰਾਜਨੀਤੀ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਕੇ ਆਪਣੇ ਹੀ ਸਾਥੀਆਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ। ਸ੍ਰੀ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਆਪਣੀ ਡੁੱਬਦੀ ਬੇੜੀ ਨੂੰ ਬਚਾਉਣ ਲਈ ਝੂਠ ਤੇ ਫਰੇਬ ਦਾ ਸਹਾਰਾ ਲੈ ਰਹੇ ਹਨ ਤੇ ਅਕਾਲੀ ਦਲ ਦੇ ਹੀ ਨੇਤਾਵਾਂ ਖ਼ਿਲਾਫ਼ ਮੁਹਿੰਮ ਚਲਾ ਰਹੇ ਹਨ।