ਬਹਾਦਰਜੀਤ ਸਿੰਘ
ਰੂਪਨਗਰ, 13 ਸਤੰਬਰ
ਰੂਪਨਗਰ ਸ਼ਹਿਰ ਦੀ ‘ਨੁਹਾਰ’ ਬਦਲਣ ਦੇ ਮੰਤਵ ਨਾਲ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਅੱਜ ਵਿਸ਼ੇਸ਼ ਸਫਾਈ ਮੁਹਿੰਮ ਦੀ ਜ਼ਿਲ੍ਹਾ ਲਾਇਬ੍ਰੇਰੀ ਤੋਂ ਸ਼ੁਰੂਆਤ ਕੀਤੀ ਗਈ, ਦੂਜੇ ਪਾਸੇ ਕਾਂਗਰਸੀ ਕੌਂਸਲਰਾਂ ਨੇ ਹੀ ਇਸ ਮੁਹਿੰੰਮ ’ਤੇ ਹੀ ਸਵਾਲ ਚੁੱਕੇ ਹਨ। ਸ੍ਰੀ ਢਿੱਲੋਂ ਵੱਲੋਂ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਸਮੇਤ ਕਾਂਗਰਸ ਪਾਰਟੀ ਦੇ ਕੌਂਸਲਰਾਂ, ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਮੋਹਤਬਰ ਸੱਜਣਾਂ ਨੂੰ ਨਾਲ ਲੈ ਕੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਤੋਂ ਵਿਧਾਇਕ ਬਣ ਕੇ ਸਿੱਖਿਆ ਮੰਤਰੀ ਰਹੇ ਨੇਤਾ ਨੇ ਆਪਣੇ ਕਾਰਜ-ਕਾਲ ਦੌਰਾਨ ਸਿੱਖਿਆ ਦੇ ਇਸ ਅਹਿਮ ਸਥਾਨ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸੇ ਦੌਰਾਨ ਕਾਂਗਰਸ ਕੌਂਸਲਰ ਪੋਮੀ ਸੋਨੀ ਨੇ ਸਫਾਈ ਮੁਹਿੰਮ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਜਿਨ੍ਹਾਂ ਨੂੰ ਹਟਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਅਜਿਹੀ ਸਫ਼ਾਈ ਮੁਹਿੰਮ ਦਾ ਕੋਈ ਫਾਇਦਾ ਨਹੀਂ ਹੈ। ਇੱਕ ਹੋਰ ਕਾਂਗਰਸੀ ਕੌਂਸਲਰ ਅਸ਼ੋਕ ਵਾਹੀ ਨੇ ਕਿਹਾ ਕਿ ਕੌਂਸਲ ਦੇ ਸਾਰੇ ਸਫਾਈ ਕਰਮਚਾਰੀ ਇੱਕ ਪਾਸੇ ਹੀ ਕੰਮ ’ਤੇ ਲਗਾ ਦਿੱਤੇ ਗਏ ਜਦੋਂ ਕਿ ਬਾਕੀ ਸ਼ਹਿਰ ਵਿੱਚ ਸਫਾਈ ਪ੍ਰਭਾਵਿਤ ਹੋਈ ਹੈ।