ਪਾਲ ਸਿੰਘ ਨੌਲੀ
ਜਲੰਧਰ, 10 ਫਰਵਰੀ
ਮਜ਼ਦੂਰਾਂ ਦੇ ਹੱਕਾਂ ਹਿੱਤਾਂ ਲਈ ਲੜਨ ਵਾਲੀ ਦਲਿਤ ਮੁਟਿਆਰ ਨੌਦੀਪ ਕੌਰ ਦੇ ਹੱਕ ਵਿੱਚ ਕੌਮਾਂਤਰੀ ਪੱਧਰ ’ਤੇ ਅਵਾਜ਼ ਉਠਣ ਲੱਗੀ ਹੈ। ਇੰਗਲੈਂਡ ਦੇ ਐੱਮਪੀ ਤਨਮਨਜੀਤ ਸਿੰਘ ਢੇਸੀ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਇਸ ਘਟਨਾ ਨਾਲ ਜਮਹੂਰੀ ਪ੍ਰਣਾਲੀ ਨੂੰ ਢਾਹ ਵੱਜੀ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਨੌਦੀਪ ਕੌਰ ਨੂੰ ਪੁਲੀਸ ਹਿਰਾਸਤ ਵਿੱਚ ਰੱਖਕੇ ਉਸ ’ਤੇ ਕੀਤੇ ਜਿਸਮਾਨੀ ਤਸ਼ਦੱਦ ਨੂੰ ਪਛਾਣੀਏ। ਚਾਰ ਹਫਤਿਆਂ ਬਾਅਦ ਵੀ ਉਸ ਦੀ ਜ਼ਮਾਨਤ ਨਹੀਂ ਹੋਈ।
ਉਨ੍ਹਾਂ ਕਿਹਾ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਅਜਿਹਾ ਵਿਵਹਾਰ ਨਿੰਦਣਯੋਗ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਸ ਨੇ ਵੀ ਨੌਦੀਪ ਕੌਰ ਬਾਰੇ ਟਵੀਟ ਕਰਕੇ ਉਸ ਉਪਰ ਕੀਤੇ ਗਏ ਤਸ਼ਦੱਦ ਦੀ ਨਿੰਦਾ ਕੀਤੀ ਹੈ। ਕੈਨੇਡਾ ਸਮੇਤ ਹੋਰ ਦੇਸ਼ ਵਿੱਚ ਵੀ ਲੋਕ ਨੌਦੀਪ ਕੌਰ ਦੇ ਹੱਕ ਵਿੱਚ ਅਵਾਜ਼ ਉਠਾ ਰਹੇ ਹਨ ਤੇ ਪੁਲੀਸ ਭੂਮਿਕਾ ਦੀ ਨਿੰਦਾ ਕਰ ਰਹੇ ਹਨ।