ਬੀ.ਐਸ. ਚਾਨਾ
ਸ੍ਰੀ ਆਨੰਦਪੁਰ ਸਾਹਿਬ, 18 ਫਰਵਰੀ
ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅਗੰਮਪੁਰ ਰੇਲਵੇ ਫਾਟਕ ’ਤੇ ਰੇਲ ਰੋਕੋ ਅੰਦੋਲਨ ਕੀਤਾ ਗਿਆ। ਜਿਸ ਵਿੱਚ ਦੁਪਿਹਰ 12 ਵਜੇ ਤੋਂ ਚੱਲਿਆ ਧਰਨਾ 4 ਵਜੇ ਸਮਾਪਤ ਹੋਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿੱਚ ਜਨ ਅੰਦੋਲਨ ਚੱਲ ਰਹੇ ਹਨ। ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਤਿੰਨ ਮਹੀਨਿਆਂ ਤੋਂ ਬੈਠੇ ਹੋਏ ਹਨ ਤੇ ਰੋਜ਼ ਕਿਸਾਨ ਸ਼ਹੀਦ ਹੋ ਰਹੇ ਹਨ, ਪਰ ਮੋਦੀ ਸਰਕਾਰ ਅਜੇ ਤੱਕ ਕਿਸਾਨੀ ਮੰਗਾਂ ਮੰਨਣ ਤੋਂ ਇਨਕਾਰੀ ਹੈ। ਕਿਸਾਨ ਲਹਿਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਵਾਲਿਆਂ ’ਤੇ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ। ਪਰ ਅੱਜ ਕਿਸਾਨੀ ਕਾਨੂੰਨਾਂ ਦੇ ਖਿਲਾਫ ਲੋਕਾਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ।
ਲਾਲੜੂ (ਸਰਬਜੀਤ ਸਿੰਘ ਭੱਟੀ): ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਯੂਨੀਅਨਾਂ ਵੱਲੋਂ ਰੇਲਵੇ ਸਟੇਸ਼ਨ ਲਾਲੜੂ ਅਤੇ ਰੇਲਵੇ ਮਾਰਗ ਉਤੇ ਅੱਜ 12 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲ ਰੋਕੋ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਕੁਰਲੀ, ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਢੋਲਾ, ਲੱਖੋਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਅਮਲਾਲਾ, ਕਿਸਾਨ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ ਸਮੇਤ ਕਈ ਆਗੂਆਂ ਨੇ ਅੰਬਾਲਾ-ਕਾਲਕਾ ਰੇਲ ਮਾਰਗ ’ਤੇ ਸਥਿਤ ਲਾਲੜੂ ਰੇਲਵੇ ਸਟੇਸ਼ਨ ’ਤੇ ਰੇਲ ਰੋਕੋ ਧਰਨਾ ਦਿੱਤਾ। ਅੰਬਾਲਾ (ਰਤਨ ਸਿੰਘ ਢਿੱਲੋਂ): ਹਰਿਆਣਾ ਵਿੱਚ ਅੱਜ 80 ਥਾਵਾਂ ’ਤੇ 12 ਤੋਂ 4 ਵਜੇ ਤੱਕ ਰੇਲ ਗੱਡੀਆਂ ਦੀ ਆਵਾਜਾਈ ਰੋਕੀ ਗਈ। ਅੰਬਾਲਾ ਦੇ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਬੈਨਰ ਥੱਲੇ ਅੰਬਾਲਾ-ਦਿੱਲੀ ਰੇਲਵੇ ਲਾਈਨ ’ਤੇ ਸ਼ਾਹਪੁਰ ਪਿੰਡ ਦੇ ਫਾਟਕ ਕੋਲ ਪਟੜੀਆਂ ’ਤੇ ਬੈਠ ਕੇ ਧਰਨਾ ਦਿੱਤਾ ਤੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਸਵੇਰੇ ਟਾਂਗਰੀ ਪੁਲ ਤੋਂ ਪਹਿਲਾਂ ਅੰਬਾਲਾ ਛਾਉਣੀ ਵਾਲੇ ਪਾਸੇ ਵੱਡੀ ਗਿਣਤੀ ਵਿਚ ਕਿਸਾਨ ਰੇਲਵੇ ਲਾਈਨਾਂ ’ਤੇ ਬੈਠ ਗਏ। ਕਿਸਾਨ ਆਗੂਆਂ ਵੱਲੋਂ ਉਨ੍ਹਾਂ ਲੋਕਾਂ ਨੂੰ ਜਾਗਣ ਦਾ ਸੰਦੇਸ਼ ਦਿੱਤਾ ਗਿਆ। ਗੁਰਮੀਤ ਸਿੰਘ ਨਾਂ ਦੇ ਕਿਸਾਨ ਨੇ ਕਿਹਾ ਕਿ ਉਨ੍ਹਾਂ ਕੋਲੋਂ ਸਰ੍ਹੋਂ 4200 ਰੁਪਏ ਕੁਇੰਟਲ ਲੈ ਕੇ ਅੱਗੇ 6500 ਰੁਪਏ ਵਿਚ ਵੇਚੀ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਏਸੀ ਕਮਰਿਆਂ ਵਿਚ ਬੈਠ ਕੇ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ ਦਾ ਬੁਰਾ ਪ੍ਰਭਾਵ ਸਿਰਫ਼ ਕਿਸਾਨਾਂ ’ਤੇ ਹੀ ਨਹੀਂ ਸਗੋਂ ਹਰ ਵਰਗ ’ਤੇ ਪੈਣ ਵਾਲਾ ਹੈ। ਬੁਲਾਰਿਆਂ ਵੱਲੋਂ ਕਿਸਾਨ ਵਿਰੋਧੀ ਮੀਡੀਆ ਦੇ ਬਾਈਕਾਟ ਦਾ ਵੀ ਸੱਦਾ ਦਿੱਤਾ। ਨੌਜਵਾਨ ਆਗੂ ਵਿਕਰਮ ਵਜੀਦਪੁਰ ਨੇ ਕਿਸਾਨਾਂ ਨੂੰ ਹੌਸਲਾ ਅਤੇ ਅਨੁਸ਼ਾਸਨ ਬਣਾ ਕੇ ਰੱਖਣ ਲਈ ਕਿਹਾ। ਇਸ ਮੌਕੇ ਪੁਲੀਸ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਕਿਸਾਨਾਂ ਨੇ ਪੁਲੀਸ ਮੁਲਾਜ਼ਮਾਂ ਨੂੰ ਫੁੱਲ ਭੇਟ ਕਰ ਕੇ ਕਿਹਾ ਕਿ ਉਨ੍ਹਾਂ ਦਾ ਧਰਨਾ ਸ਼ਾਂਤਮਈ ਹੋਵੇਗਾ।
ਮੰਡੀ ਗੋਬਿੰਦਗੜ੍ਹ (ਡਾ. ਹਿਮਾਂਸ਼ੂ ਸੂਦ): ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਲਿਆਂਦੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿੱਚ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਅੱਜ ਰੇਲਵੇ ਸਟੇਸ਼ਨ ਮੰਡੀ ਗੋਬਿੰਦਗੜ੍ਹ ਵਿਚ ਰੇਲਵੇ ਲਾਈਨਾਂ ਉੱਪਰ ਕਿਸਾਨਾਂ ਨੇ ਧਰਨਾ ਦੇ ਕੇ ਰੇਲਾਂ ਰੋਕੀਆਂ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਮੰਗ ਕੀਤੀ ਕਿ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ।
ਮੋਰਿੰਡਾ (ਸੰਜੀਵ ਤੇਜਪਾਲ): ਮੋਰਿੰਡਾ ਇਲਾਕੇ ਦੇ ਕਿਸਾਨਾਂ ਨੇ ਪਰਮਿੰਦਰ ਸਿੰਘ ਚਲਾਕੀ ਅਤੇ ਮਿਹਰ ਸਿੰਘ ਥੇੜੀ ਦੀ ਅਗਵਾਈ ਹੇਠ ਅੱਜ ਰੇਲਵੇ ਲਾਈਨਾਂ ’ਤੇ ਧਰਨਾ ਦੇ ਕੇ ਰੇਲ ਰੋਕੋ ਐਕਸ਼ਨ ਨੂੰ ਸਫ਼ਲ ਬਣਾਇਆ। ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਚਲਾਕੀ ਨੇ ਕਿਸਾਨਾਂ ਨੂੰ ਦਿੱਲੀ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੰਦੋਲਨ ਪੂਰੀ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੈ, ਪਰ ਦੇਸ਼ ਦੇ ਹਾਕਮਾਂ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹਰ ਘਰ ਵਿੱਚੋਂ ਇੱਕ ਕਿਸਾਨ ਤੇ ਮਜ਼ਦੂਰ ਦਾ ਦਿੱਲੀ ਪੁੱਜਣਾ ਜ਼ਰੂਰੀ ਹੈ। ਸਾਬਕਾ ਆਈਏਐਸ ਅਧਿਕਾਰੀ ਐਸਐਸ ਬੋਪਾਰਾਏ ਅਤੇ ਰਪਾਲ ਸਿੰਘ ਦਾਤਾਰਪੁਰ ਨੇ ਇਤਹਾਸਕ ਹਵਾਲੇ ਦੇ ਕੇ ਪੂਰੇ ਤਰਕਾਂ ਨਾਲ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਨੂੰਨਾਂ ਨੂੰ ਕਿਸਾਨਾਂ ਲਈ ਮਾਰੂ ਦੱਸਿਆ।
ਬਸੀ ਪਠਾਣਾਂ (ਅਜੈ ਮਲਹੋਤਰਾ): ਅੱਜ ਸਰਹਿੰਦ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨਾਂ ਨੇ ਰੇਲਾਂ ਰੋਕੀਆਂ। ਅੱਜ ਦੇ ਇਸ ਰੇਲ ਰੋਕੋ ਪ੍ਰੋਗਰਾਮ ’ਚ ਕਿਸਾਨਾਂ ਦੇ ਨਾਲ ਸਿਆਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ, ਵਕੀਲਾਂ ਤੇ ਸਮਾਜਿਕ ਕਾਰਕੁਨਾਂ ਵੱਲੋਂ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਗੂਆਂ ਨੇ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਦਾ ਡਟਵਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਲਈ ਕੇਂਦਰ ਸਰਕਾਰ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦਾ ਗਲਾ ਘੋਟਣ ਵਾਲੀਆਂ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ, ਜਿਨਾਂ ਨਾਲ ਦੇਸ਼ ਹੋਰ ਵੱਡੀ ਆਰਥਿਕ ਮੰਦਹਾਲੀ ਵੱਲ ਜਾਵੇਗਾ।
ਖਰੜ (ਪੱਤਰ ਪ੍ਰੇਰਕ): ਰੇਲ ਰੋਕੋ ਅੰਦੋਲਨ ਨੂੰ ਅੱਜ ਖਰੜ ਵਿੱਚ ਵੀ ਪੂਰਨ ਹੁੰਗਾਰਾ ਮਿਲਿਆ। ਖਰੜ ਦੇ ਰੇਲਵੇ ਸਟੇਸ਼ਨ ’ਤੇ ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਧਰਨੇ ਦੀ ਅਗਵਾਈ ਰਵਿੰਦਰ ਸਿੰਘ ਦੇਹ ਕਲਾਂ, ਗਿਆਨ ਸਿੰਘ ਧੜਾਕ, ਗੁਰਨਾਮ ਸਿੰਘ ਦਾਊਂ, ਦਵਿੰਦਰ ਸਿੰਘ ਦੇਹ ਕਲਾਂ, ਅਮਰਜੀਤ ਸਿੰਘ ਖਰੜ, ਪਰਮਜੀਤ ਸਿੰਘ ਸੈਣੀ, ਕੁਲਵੰਤ ਸਿੰਘ ਕੁੜੀ, ਜਸਵੀਰ ਸਿੰਘ ਘੋਗਾ, ਰਣਜੀਤ ਸਿੰਘ ਵਾਸੀਆਂ, ਹਾਕਮ ਸਿੰਘ ਪੁੱਤੋਂ ਤੇ ਕੁਲਵੰਤ ਸਿੰਘ ਤ੍ਰਿਪੜੀ ਨੇ ਕੀਤੀ। ਇਸੇ ਦੌਰਾਨ ਅੰਗਰੇਜ ਸਿੰਘ ਤੇ ਰਵਿੰਦਰ ਸਿੰਘ ਦੇਹ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਂਦੇ ਹਰ ਹੁਕਮ ਨੂੰ ਲੋਕਾਂ ਵਿੱਚ ਲੈ ਕੇ ਜਾਣਗੇ ਤੇ ਜਦੋਂ ਤੱਕ ਇਹ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਹ ਸ਼ੰਘਰਸ਼ ਜਾਰੀ ਰੱਖਿਆ ਜਾਵੇਗਾ।
ਖਮਾਣੋਂ (ਜਗਜੀਤ ਕੁਮਾਰ): ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ ’ਚ ਰੇਲਾਂ ਰੋਕਣ ਦੇ ਪ੍ਰੋਗਰਾਮ ਤਹਿਤ ਬਲਾਕ ਖਮਾਣੋਂ ਦੇ ਸੰਯੁਕਤ ਕਿਸਾਨ ਮੋਰਚੇ ਨੇ ਰੇਲਵੇ ਸਟੇਸ਼ਨ ਫਰੌਰ ਵਿਚ ਧਰਨਾ ਦਿੱਤਾ। ਕਿਸਾਨ ਆਗੂਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਲੁਧਿਆਣਾ-ਚੰਡੀਗੜ ਰੇਲਵੇ ਟਰੈਕ ’ਤੇ ਦਰੀਆਂ ਵਿਛਾ ਕੇ ਧਰਨਾ ਦਿੱਤਾ। ਇਸ ਮੌਕੇ ਬੁਲਾਰਿਆਂ ਨੇ ਮੋਦੀ ਸਰਕਾਰ ਦੀ ਸਖ਼ਤ ਨਿੰਦਾ ਕੀਤੀ ਤੇ ਖੇਤੀ ਕਨੂੰਨ ਵਾਪਸ ਲੈਣ ਦੀ ਮੰਗ ਕੀਤੀ।
ਰੂਪਨਗਰ (ਬਹਾਦਰਜੀਤ ਸਿੰਘ): ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਰੇਲ ਰੋਕੋ ਪ੍ਰੋਗਰਾਮ ਤਹਿਤ ਜ਼ਿਲ੍ਹੇ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਰੂਪਨਗਰ ਵਿਚ ਨੰਗਲ ਚੌਕ ਵਿੱਚ ਫਾਟਕ ’ਤੇ ਧਰਨਾ ਦੇ ਕੇ ਰੇਲ ਗੱਡੀਆਂ ਰੋਕੀਆਂ, ਜਿਸ ਵਿੱਚ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਅਤੇ ਮੈਂਬਰ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਸੰਘਰਸ਼ ਜਿੱਤ ਵੱਲ ਵਧ ਰਿਹਾ ਹੈ ਤੇ ਸੰਘਰਸ਼ ਦੀ ਅਗਵਾਈ ਸਹੀ ਹੱਥਾਂ ਵਿੱਚ ਹੈ। ਸੰਘਰਸ਼ ਦੌਰਾਨ ਸਰਕਾਰ ਵੱਲੋਂ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੌਜਵਾਨਾਂ ਦੀ ਮਦਦ ਕਾਨੂੰਨੀ ਪੈਨਲ ਕਰ ਰਿਹਾ ਹੈ ਤੇ ਇਨਸਾਫ਼ ਦਿਵਾਉਣ ਲਈ ਜਥੇਬੰਦੀਆਂ ਵਚਨਬੱਧ ਹਨ।
ਪਿੰਡ ਕਾਕਰੋਂ ਵਿੱਚ ਜਾਗਰੂਕਤਾ ਮਾਰਚ
ਕੁਰਾਲੀ (ਮਿਹਰ ਸਿੰਘ): ਲੋਕ ਹਿੱਤ ਮਿਸ਼ਨ ਨੇ ਕਿਸਾਨ ਸੰਘਰਸ਼ ਹਿੱਤ ਆਰੰਭੀ ਮੁਹਿੰਮ ਤਹਿਤ ਨੌਜਵਾਨ ਮੈਬਰਾਂ ਵੱਲੋਂ ਪਿੰਡ ਕਾਕਰੋਂ ਵਿਚ ਜਾਗਰੂਕਤਾ ਮਾਰਚ ਕੱਢਿਆ। ਇਸ ਸਬੰਧੀ ਲੋਕ ਹਿੱਤ ਮਿਸ਼ਨ ਦੇ ਮੈਂਬਰ ਤੇ ਨੌਜਵਾਨ ਆਗੂ ਹਰਜੀਤ ਸਿੰਘ ਖਿਜ਼ਰਾਬਾਦ ਤੇ ਪਰਮਜੀਤ ਸਿੰਘ ਲਾਡੀ ਦੀ ਅਗਵਾਈ ਵਿੱਚ ਬਜ਼ੁਰਗਾਂ, ਔਰਤਾਂ, ਨੌਜਵਾਨਾਂ ਤੇ ਬੱਚਿਆਂ ਕਿਸਾਨੀ ਸੰਘਰਸ਼ ਦੌਰਾਨ ਸ਼ਹਾਦਤ ਦੇ ਚੁੱਕੇ ਕਿਸਾਨਾਂ ਦੀ ਯਾਦ ਵਿੱਚ ਮੋਮਬੱਤੀਆਂ ਫੜ ਕੇ ਪਿੰਡ ਦੀਆਂ ਗਲੀਆਂ ਵਿੱਚ ਮਾਰਚ ਕੀਤਾ। ਇਸ ਮੌਕੇ ਹਰਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਕਿਸਾਨੀ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਤੇ ਸਮਾਜ ਅਤੇ ਕਿਸਾਨੀ ਪ੍ਰਤੀ ਆਪਣੇ ਫ਼ਰਜ਼ ਨਿਭਾਉਣ ਦੀ ਅਪੀਲ ਵੀ ਕੀਤੀ।
ਕਿਸਾਨਾਂ ਦੇ ਵਿਰੋਧ ਕਾਰਨ ਸਪੀਕਰ ਦਾ ਪ੍ਰੋਗਰਾਮ ਰੱਦ
ਪੰਚਕੂਲਾ (ਪੀਪੀ ਵਰਮਾ): ਬਰਵਾਲਾ ਦੇ ਪਿੰਡ ਭਰੌਲੀ ਵਿੱਚ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਕਿਸੇ ਵਿਕਾਸ ਕਾਰਜ ਦਾ ਉਦਘਾਟਨ ਕਰਨ ਜਾਣਾ ਸੀ, ਪਰ ਕਿਸਾਨਾਂ ਦੇ ਵਿਰੋਧ ਕਾਰਨ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਨਵਾਂਗਰਾਓਂ ਨੇ ਦੱਸਿਆ ਕਿ ਇਲਾਕੇ ਦੇ ਸਾਰੇ ਕਿਸਾਨਾਂ ਨੇ ਵਿਧਾਨ ਸਭਾ ਸਪੀਕਰ ਦਾ ਵਿਰੋਧ ਕਰਨ ਲਈ ਕਾਲੇ ਝੰਡੇ ਦਿਖਾਉਣ ਵਾਸਤੇ ਸਵੇਰੇ ਹੀ ਭਰੌਲੀ ਪਿੰਡ ਦੇ ਸਵਾਗਤ ਗੇਟ ਉੱਤੇ ਧਰਨਾ ਲਾ ਦਿੱਤਾ ਸੀ ਤੇ ਪਿੰਡ ਵਿੱਚ ਭਾਜਪਾ-ਜਜਪਾ ਆਗੂਆਂ ਦੇ ਆਉਣ ’ਤੇ ਪਾਬੰਧੀ ਦਾ ਬੋਰਡ ਲਗਾ ਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਮੁੱਖ ਗੇਟ ’ਤੇ ਬੈਠੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਚਲਦਾ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ।
ਪਿੰਡ ਓਇੰਦ ਦਾ ਜਥਾ ਦਿੱਲੀ ਪਹੁੰਚਿਆ਼
ਮੋਰਿੰਡਾ (ਸੰਜੀਵ ਤੇਜਪਾਲ): ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਭਰ ਤੋਂ ਕਿਸਾਨ-ਮਜ਼ਦੂਰ ਇਕੱਠੇ ਹੋ ਕੇ ਦਿੱਲੀ ਜਾ ਰਹੇ ਹਨ। ਇਸੇ ਤਹਿਤ ਮੋਰਿੰਡਾ ਨੇੜਲੇ ਪਿੰਡ ਓਇੰਦ ਤੋਂ ਕਿਸਾਨਾਂ ਤੇ ਮਜ਼ਦੂਰਾਂ ਦਾ ਜਥਾ ਅੱਜ ਦਿੱਲੀ ਗਿਆ। ਨੰਬਰਦਾਰ ਮੇਜਰ ਸਿੰਘ ਕੰਧੋਲਾ ਨੇ ਦੱਸਿਆ ਕਿ ਪਿੰਡ ਵਾਸੀਆਂ ਤੇ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪਿੰਡ ਤੋਂ ਰਣਜੀਤ ਸਿੰਘ ਜੀਤਾ, ਸਵਰਨ ਸਿੰਘ, ਗੁਰਮੀਤ ਸਿੰਘ, ਕੁਲਦੀਪ ਸਿੰਘ, ਜੋਰਾ ਸਿੰਘ, ਭੁਪਿੰਦਰ ਸਿੰਘ, ਮਨਜੀਤ ਸਿੰਘ, ਸੁਖਦੇਵ ਸਿੰਘ ਅੱਜ ਦਿੱਲੀ ਗਏ।