ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਕੋਵਿਡ-19 ਮਹਾਮਾਰੀ ਦੌਰਾਨ ਮੁਸ਼ਕਲ ਹਾਲਾਤ ਵਿੱਚ ਡਿਊਟੀਆਂ ਨਿਭਾਉਣ ਵਾਲੇ ਆਊਟਸੋਰਸਡ ਕਰੋਨਾ ਯੋਧਿਆਂ ਨੂੰ ਨੌਕਰੀ ’ਤੇ ਨਾ ਰੱਖੇ ਜਾਣ ਖ਼ਿਲਾਫ਼ ਅੱਜ ਪੰਜਾਬ ਕਰੋਨਾ ਲੈਬ ਯੂਨੀਅਨ ਦੇ ਕਾਰਕੁਨ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਿਰਾਓ ਕਰਨ ਪੁੱਜੇ, ਜਿਥੇ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਕੁਝ ਦੂਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ, ਜਿਸ ਕਾਰਨ ਉਨ੍ਹਾਂ ਨੇ ਉੱਥੇ ਹੀ ਧਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਚੰਡੀਗੜ੍ਹ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਨੂੰ ਦੇਰ ਸ਼ਾਮ ਛੱਡ ਦਿੱਤਾ ਗਿਆ। ਪੰਜਾਬ ਕਰੋਨਾ ਲੈਬ ਯੂਨੀਅਨ ਦੀ ਪ੍ਰੈੱਸ ਸਕੱਤਰ ਡਾ. ਪੱਲਵੀ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਸੂਬੇ ਦੀਆਂ ਕਰੋਨਾ ਲੈਬਾਂ ਵਿੱਚ 280 ਮੁਲਾਜ਼ਮਾਂ ਨੇ ਦਿਨ-ਰਾਤ ਇੱਕ ਕਰਕੇ ਕੰਮ ਕੀਤਾ। ਕਰੋਨਾ ਮਹਾਮਾਰੀ ਦਾ ਪ੍ਰਕੋਪ ਘਟਦਿਆਂ ਹੀ 280 ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਮੁਲਾਜ਼ਮਾਂ ਵੱਲੋਂ ਸੂਬਾ ਸਰਕਾਰ ਕੋਲੋਂ ਕਈ ਵਾਰ ਅੱਗੇ ਨਿਯੁਕਤੀ ਪੱਤਰ ਦੇਣ ਦੀ ਮੰਗ ਕੀਤੀ ਗਈ, ਪਰ ਕਿਸੇ ਨੇ ਪੱਲਾ ਨਹੀਂ ਫੜਾਇਆ। ਉਨ੍ਹਾਂ ਦੱਸਿਆ ਕਿ 22 ਜੂਨ 2022 ਨੂੰ ਕੌਂਸਲਿੰਗ ਕਰਕੇ 233 ਮੁਲਾਜ਼ਮਾਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚੋਂ ਛਾਂਟੀ ਤੋਂ ਬਾਅਦ 142 ਮੁਲਾਜ਼ਮਾਂ ਨੂੰ ਵੱਖ-ਵੱਖ ਲੈਬਾਂ ’ਤੇ ਰੱਖਿਆ ਗਿਆ ਹੈ। ਇਸ ਤਰ੍ਹਾਂ ਸੂਬਾ ਸਰਕਾਰ ਨੇ 158 ਨੂੰ ਵੇਟਿੰਗ ਸੂਚੀ ਵਿੱਚ ਪਾ ਦਿੱਤਾ ਹੈ। ਡਾ. ਪਲਵੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਨੌਕਰੀ ’ਤੇ ਰੱਖਣ ਦਾ ਐਲਾਨ ਕੀਤਾ ਸੀ, ਪਰ ਅੱਜ ਉਹ ਕਰੋਨਾ ਯੋਧਿਆਂ ਨੂੰ ਮਿਲਣ ਲਈ ਵੀ ਤਿਆਰ ਨਹੀਂ ਹਨ। ਉਨ੍ਹਾਂ ਮੁੱਖ ਮੰਤਰੀ ਮਾਨ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਦਾ ਚਿਤਾਵਨੀ ਦਿੱਤੀ।