ਇਕਬਾਲ ਸਿੰਘ ਸ਼ਾਂਤ
ਲੰਬੀ, 3 ਅਪਰੈਲ
ਭਾਕਿਯੂ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਪੁਲੀਸ, ਕਾਂਗਰਸੀ ਅਤੇ ਭਾਜਪਾ ਆਗੂਆਂ ਨਾਲ਼ ਮਿਲ ਕੇ ਝੂਠੇ ਕੇਸ ’ਚ ਫਸਾਉਣ ਖਿਲਾਫ ਅੱਜ ਭਾਕਿਯੂ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਸੈਂਕੜੇ ਮਰਦ, ਔਰਤਾਂ ਤੇ ਨੌਜਵਾਨਾਂ ਨੇ ਲੰਬੀ ਥਾਣੇ ਅੱਗੇ ਰੋਹ ਭਰਪੂਰ ਧਰਨਾ ਦਿੱਤਾ। ਇਸ ਵਿਸ਼ਾਲ ਧਰਨੇ ਨੂੰ ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਗੁਰਪਾਸ਼ ਸਿੰਘ, ਤਰਸੇਮ ਸਿੰਘ ਖੁੰਡੇ ਹਲਾਲ, ਕਾਲਾ ਸਿੰਘ ਸਿੰਘੇਵਾਲਾ ਨੇ ਸੰਬੋਧਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਜਬਰ ਜਨਾਹ ਦੇ ਕੇਸ ‘ਚ ਨਾਮਜ਼ਦ ਮੁਲਜ਼ਮ ਨੂੰ ਬਚਾਉਣ ਲਈ ਇਲਾਕੇ ਦੇ ਅਕਾਲੀ, ਕਾਂਗਰਸੀ ਆਗੂਆਂ ਵੱਲੋਂ ਪੀੜਤ ਪਰਿਵਾਰ ਸਮੇਤ ਮਜ਼ਦੂਰ ਕਿਸਾਨ ਆਗੂਆਂ ਉਤੇ ਸਮਝੌਤੇ ਲਈ ਦਬਾਅ ਪਾਇਆ ਗਿਆ।